ਘਾਹ ਖਾਣਾ ਸ਼ੇਰ..?

ਸਿੱਖ ਮਸਲਿਆਂ ਤੇ ਗੱਲ ਕਰਦਾ ਬਾਬਾ ਫੌਜਾ ਸਿੰਘ ਦਾ ਇਕ ਮਿੱਤਰ ਉਸ ਨੂੰ ਅੱਜ ਦੇ ਸਿੱਖ ਵਰਤਾਰੇ ਬਾਰੇ ਪੁੱਛਦਾ ਹੈ ਕਿ ਸਿੱਖ ਦਾ ਅੱਜ ਦਾ ਵਰਤਾਰਾ ਦੇਹ ਧਾਰੀ ਸਾਧ ਨੂੰ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਕਿੰਨਾ ਅਰਥਾਂ ਵਿਚ ਲੈਂਦਾ ਹੈ।
ਕਿੰਨਾ ਅਰਥਾਂ ਵਿਚ ਦਾ ਮੱਤਲਬ? ਗੱਲ ਬਾਬੇ ਦੇ ਸਮਝ ਨਾ ਆਈ।
ਮੱਤਲਬ ਇਹ ਕਿ ਇੱਕ ਪਾਸੇ ਦੇਹ ਧਾਰੀ ਸਾਧ ਅਤੇ ਦੂਜੇ ਸ੍ਰੀ ਗੁਰੂ ਗਰੰਥ ਸਾਹਿਬ, ਇਸ ਬਾਰੇ ਬਹੁਗਿਣਤੀ ਸਿੱਖ ਦਾ ਕੀ ਵਰਤਾਰਾ ਹੈ?
ਗੁਰਬਾਣੀ ਰਾਹੀਂ ਆਖਾਂ ਜਾਂ ਤੇਰੀ ਭਾਸ਼ਾ ਵਿਚ?
ਮੇਰੀ ਸੌਖੀ ਰਹੇਗੀ ਸਿਰ ਉਪਰ ਜੋਰ ਨਾ ਦੇਣਾ ਪਵੇਗਾ!
ਦੇਹਧਾਰੀ ਸਾਧ ਅਤੇ ਸੀ੍ਰ ਗੁਰੂ ਗਰੰਥ ਸਾਹਿਬ ਪ੍ਰਤੀ ਸਿੱਖ ਦਾ ਵਰਤਾਰਾ ਇੰਝ ਹੈ ਕਿ ਦੇਹਧਾਰੀ ਨੇੜਿਓਂ ਸਿੱਖ ਇੰਝ ਲੰਘਦਾ ਜਿਵੇਂ 'ਸਟਾਪ ਸਾਇਨ' ਹੋਵੇ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਨੇੜਿਓਂ ਜਿਵੇਂ 'ਯੀਲਡ ਸਾਇਨ..?
ਮੱਤਲਬ?
ਮੱਤਲਬ ਕਿ ਦੇਹਧਾਰੀ ਲਈ ਪੂਰਾ ਰੁੱਕ ਕੇ, ਆਲੇ-ਦੁਆਲੇ ਦੇਖ ਕੇ, ਬਰੇਕਾਂ ਲਾ ਕੇ ਪਰ ਸੀ੍ਰ ਗੁਰੂ ਜੀ ਲਈ ਕਈ ਵਾਰ ਤਾਂ ਦੇਖਦਾ ਹੀ ਨਹੀ ਜੇ ਦੇਖਦਾ ਮਾੜਾ ਜਿਹਾ ਬਰੇਕ ਤੇ ਪੈਰ ਰੱਖਕੇ ਐਵੇਂ 'ਫਾਰਮਿਲਟੀ' ਜਿਹੀ ਕਰਕੇ, ਰੁੱਖਾ ਜਿਹਾ ਸਿਰ ਨਿਵਾ ਕੇ!
ਬਾਬਾ ਹੋਰ ਵਿਸਥਾਰ ਕਰ?
ਵਿਸਥਾਰ? ਚਲ ਤੂੰ ਟਰੱਕ ਚਲਾਉਂਨਾ ਤੈਨੂੰ ਤੇਰੀ ਭਾਸ਼ਾ ਵਿਚ ਹੀ ਦੱਸਨਾ।
ਦੇਹਧਾਰੀ ਲਈ ਇੰਝ ਜਿਵੇਂ ਟਰੱਕ ਵਾਲਾ ਭਰਾ 'ਸਕੇਲ' ਦੀਆਂ 'ਫਲੈਸ਼ਰ ਲਾਇਟਾਂ' ਲਾਗੋਂ ਲੰਘਦਾ, ਪੂਰੀ ਟੈਂਸ਼ਨ! ਸੀਟ ਬੈਲਟ ਲੱਗੀ! ਦਿੱਲ ਧੜਕਦਾ ਕਿ ਕੋਈ ਅੱਵਗਿਆ ਨਾ ਹੋਵੇ! ਸਾਰੇ ਟੱਬਰ ਨੇ ਗੋਡਿਆਂ ਤੱਕ ਮਿੰਟਾਂ ਟੰਗੀਆਂ ਹੁੰਦੀਆਂ ਤੇ ਬਿਨਾ ਮੱਤਲਬੋਂ ਹੀ ਮੁੜਕੋ-ਮੁੜਕੀ ਹੋਈ ਫਿਰਨਗੇ। ਬੂਹਿਓ ਬਾਹਰ ਤੱਕ ਚਿੱਟੀਆਂ ਚਾਦਰਾਂ ਵਿਛਾਈਆਂ ਹੁੰਦੀਆਂ ਕਿ ਸਾਧ ਦੇ ਖਰੌੜੇ ਨਾ ਗੰਦੇ ਹੋਣ। ਪਰ ਸ੍ਰੀ ਗੁਰੂ ਜੀ ਲਈ ਇੰਝ ਜਿਵੇਂ 'ਸਕੇਲ' ਦੀਆਂ ਬੁੱਝੀਆਂ ਲਾਇਟਾਂ ਨੇੜਿਓਂ? ਮਾੜਾ ਜਿਹਾ ਦੇਖਕੇ ਕਿ ਸ਼ੁਕਰ ਏ ਬੰਦ ਪਿਆ ਕਿਤੇ ਰੋਕ ਨਹੀ ਲਿਆ। ਹਾਲੇ ਪੰਜ ਪਉੜੀਆਂ ਵੀ ਪੂਰੀਆਂ ਨਹੀ ਹੁੰਦੀਆਂ ਜਪੁਜੀ ਦੀਆਂ ਤੇ ਇਹ ਕੜਾਹ ਦਾ ਗੱਫਾ ਲੈ ਕੇ ਜਿਉਂ ਭੱਜਦਾ ਕਿ ਮਾਰੇ ਜਾਣਾ ਸੀ ਜੇ ਕਿਤੇ ਬਾਬਾ ਜੀ ਫੜ ਕੇ ਬਿਠਾ ਲੈਂਦੇ। ਤੇ ਫਿਰ 'ਰਾਮ ਗਇਓ, ਰਾਵਣ ਗਇਓ' ਵਾਲੇ ਦਿਨ ਹੀ ਵੜਦਾ ਕੋਟ-ਟਾਈ ਲਾ ਕੇ! ਬਾਕੀ ਦਿਨ ਭਾਈ ਵਿਚਾਰੇ ਦਾ ਪਾਸੇ ਮਾਰ ਮਾਰ ਅਤੇ ਨਿੰਦਰਾਈਆਂ ਅੱਖਾਂ ਪਾੜ ਪਾੜ ਬੁਰਾ ਹਾਲ ਹੋ ਜਾਂਦਾ।
ਬਾਬਾ ਫੌਜਾ ਸਿੰਘ ਕਹਿੰਦਾ ਚਲ ਤੈਨੂੰ ਇਕ ਕਹਾਣੀ ਸੁਣਾਉਂਦਾ ਗੱਲ ਹੋਰ ਤੇਰੇ ਸਪੱਸ਼ਟ ਹੋ ਜਾਏ।
ਕਹਿੰਦੇ ਮਰਾਸੀ ਦਾ ਮੁੰਡਾ ਸਕੂਲੇ ਨਵਾ ਆਇਆ ਹਾਣੀਆਂ ਦੀ ਢਾਣੀ ਵਿਚ ਖੇਡ ਰਿਹਾ ਸੀ। ਮੁੰਡੇ ਉਸ ਨੂੰ ਕਹਿਣ ਲੱਗੇ ਤੇਰੀ ਜਾਤ ਕੀ ਏ। ਉਹ ਕਹਿੰਦਾ ਕੱਲ ਨੂੰ ਦੱਸੂੰ ਬੀਬੀ ਨੂੰ ਪੁੱਛਕੇ।
ਘਰ ਜਾ ਕੇ ਮਾਂ ਨੂੰ ਕਹਿੰਦਾ ਕਿ ਬੀਬੀ ਅਪਣੀ ਜਾਤ ਕੀ ਏ। ਮਾਂ ਕਹਿਣ ਲੱਗੀ ਪੁੱਤਰ ਪਹਿਲਾਂ ਮੈਂ ਜੁਲਾਹੇ ਦੇ ਵਿਆਹੀ ਸੀ ਉਸ ਨਾ ਰੱਖੀ, ਫਿਰ ਦਰਜੀ ਲੈ ਗਿਆ, ਉਹ ਮਾੜਾ ਸੀ ਉਸ ਕੋਲੋਂ ਖੋਹ ਕੇ ਸਈਯਦ ਲੈ ਗਿਆ! ਇਥੋਂ ਤੱਕ ਤਾਂ ਪਤਾ ਅਗੇ ਰੱਬ ਦੀ ਮਰਜੀ।
ਮੁੰਡਾ ਹਾਣੀਆਂ ਨੂੰ ਕਹਿੰਦਾ ਕਿ ਜਾਤ ਕਵਿਤਾ ਵਿਚ ਸੁਣਨੀ ਕਿ ਵਾਰਤਕ ਵਿਚ। ਉਹ ਕਹਿੰਦੇ ਕਵਿਤਾ ਹੀ ਆਉਂਣ ਦੇਹ।
ਉਹ ਕਹਿੰਦਾ ਲਓ ਸੁਣੋ ਫਿਰ।
'ਪਹਿਲਾਂ ਥੇ ਹਮ ਨੀਮ ਜੁਲਾਹੇ, ਫਿਰ ਬਣ ਗਏ ਹਮ ਦਰਜੀ।
ਘਿਸਰ ਘੁਸਰ ਕੇ ਸਈਯਦ ਬਣਕੇ, ਅਗੋਂ ਰੱਬ ਦੀ ਮਰਜੀ।
ਗੁਰੂ ਦੇ ਸਿੰਘ ਦੀ ਜਾਤ ਹੁਣ ਅਨੰਦਪੁਰ ਵਾਸੀ ਵਾਲੀ ਨਹੀ ਰਹੀ ਜਿਹੜਾ ਮਰਜੀ ਘਿਸਰ ਘੁਸਰ ਕੇ ਇਸ ਨੂੰ ਉਂਗਲ ਲਾ ਕੇ ਲੈ ਜਾਂਦਾ। ਸੌਦਾ ਲਾ ਲਏ, ਰਾਧਾ ਸ਼ਾਮ ਲਾ ਲਏ, ਨਰਕਧਾਰੀ, ਆਸੂਤੋਸ਼, ਭੰਨਿਆਰਾ, ਨਾਨਕਸਰੀਆ, ਰਾੜਾ, ਰਤਵਾੜਾ! ਦੱਸੋ ਕਿਸ ਅੱਗੇ ਲੰਮਾ ਪਾਉਂਣਾ!!
ਭਾਈ ਮਤੀ ਦਾਸ ਨੂੰ ਜਦ ਆਰੇ ਹੇਠ ਚੀਰਨ ਲੱਗੇ ਤਾਂ ਜਲਾਦ ਪੁੱਛਦਾ ਮਤੀ ਦਾਸ ਕੋਈ ਆਖਰੀ ਇੱਛਾ?
ਹਾਂਅ! ਮੇਰੀਆਂ ਦੋ ਆਖਰੀ ਇਛਾਵਾਂ ਹਨ ਜਲਾਦ ਭਾਈ, ਇਕ ਤਾਂ ਮੇਰੇ ਸਿਰ ਉਪਰ ਚੀਰ ਵੀਗਾਂ ਨਾ ਕਰੀਂ ਤੇ ਦੂਜਾ ਆਰੇ ਦਾ ਮੂੰਹ ਮੇਰੇ ਗੁਰੂ ਵਲ ਕਰ ਦੇਹ ਤਾਂ ਕਿ ਮੈਂ ਅਪਣੇ ਆਖਰੀ ਸਾਹਾਂ ਤੱਕ ਅਪਣੇ ਗੁਰੂ ਨੂੰ ਤੱਕਦਾ ਰਹਾਂ। ਤੇ ਜਦ ਤਿੱਖੇ ਆਰੇ ਨੇ ਸਿਰ ਵਿਚੋਂ ਬੋਟੀਆਂ ਧੂਹ ਧੂਹ ਕੇ ਬਾਹਰ ਸੁੱਟਣੀਆਂ ਸ਼ੁਰੂ ਕੀਤੀਆਂ ਅਤੇ ਲਹੂ ਦੀਆਂ ਘਰਾਲਾਂ ਮੁੱਖ ਨੂੰ ਰੰਗਦੀਆਂ ਪੈਰਾਂ ਵੰਨੀ ਵਹਿਣ ਲੱਗੀਆਂ ਤਾਂ ਭਾਈ ਸਾਹਬ ਬਜਾਇ ਸੀਅ ਕਰਨ ਦੇ ਇਸ ਗੱਲੇ ਹੀ ਧੰਨ ਹੋਈ ਜਾ ਰਹੇ ਹਨ ਕਿ ਸ਼ੁਕਰ ਏ ਮੇਰੇ ਆਖਰੀ ਪ੍ਰਾਣ ਮੇਰੇ ਗੁਰੂ ਦੇ ਸਾਹਵੇਂ ਨਿਕਲ ਰਹੇ ਹਨ।
ਸ਼ੇਰ ਨੂੰ ਸ਼ਿਕਾਰੀ ਕਹਿੰਦਾ ਕਿ ਦੇਖ ਬਾਈ ਸ਼ੇਰਾ ਹੁਣ ਤੂੰ ਆ ਗਿਆਂ ਮੇਰੇ ਕਾਬੂ ਕਈ ਵਾਰੀ ਤੈਨੂੰ ਘਾਹ ਨਾਲ ਵੀ ਗੁਜਾਰਾ ਕਰਨਾ ਪੈ ਸਕਦਾ। ਸ਼ੇਰ ਕਹਿੰਦਾ ਜਦ ਘਾਹ ਮੇਰੀ ਖੁਰਾਕ ਹੀ ਨਹੀ ਤਾਂ ਇਹ ਸਵਾਲ ਕਿਵੇਂ ਉੱੋਠਿਆ ਕਿ ਮੈਨੂੰ ਘਾਹ ਖਾਣਾ ਪੈ ਸਕਦਾ। ਸ਼ਿਕਾਰੀ ਕਹਿੰਦਾ ਨਾ ਖਾਹ ਭੁੱਖਾ ਮਰੇਂਗਾ ਇੱਕੀ ਕੁੱਲਾਂ ਡੁੱਬ ਜਾਣਗੀਆਂ। ਨਰਕਾਂ ਵਿਚ ਸੜੇਂਗਾ। ਟੱਬਰ ਮਰ ਜੂ ਬਿਮਾਰੀਆਂ ਨਾਲ! ਨੌ ਨਿੱਧਾਂ ਤੇ ਅਠਾਰਾਂ ਸਿੱਧਾਂ ਨੇੜਿਓਂ ਨਹੀ ਲੰਘਣੀਆਂ। ਦੱਸ ਖਾਣਾ ਕਿ ਨਹੀ ਘਾਹ?
ਸ਼ੇਰ ਨੂੰ ਇੱਕ ਭੇਡੂ ਆ ਕੇ ਕਹਿੰਦਾ ਹੈ ਸ਼ੇਰ ਜੀ ਮਹਾਰਾਜ, ਰਾਧਾ ਸੁਆਮੀਆਂ ਦਾ ਗੁਰੂ ਕੰਨ ਵਿਚ ਫੂਕ ਮਾਰ ਕੇ ਇੱਕੀ ਕੁਲਾਂ ਹੀ ਬੰਨੇ ਲਾ ਦਿੰਦਾ ਤੇ ਨਾਲੇ ਮਰਨ ਲਗੇ ਤੇ ਖੁਦ ਲੈਣ ਆਉਂਦਾ। ਜਿੰਦਗੀ ਦੇ ਸਾਰੇ ਕਸ਼ਟ ਹਰੇ ਜਾਂਦੇ, ਦੁੱਧ ਪੁੱਤ ਦਾ ਅੰਤ ਨਹੀ ਰਹਿੰਦਾ।
ਸ਼ੇਰ ਕਹਿੰਦਾ ਹੱਛਾ? ਚਲੋ ਇਹ ਘਾਹ ਵੀ ਖਾ ਕੇ ਵੇਖ ਲੈਂਦੇ ਹਾਂ ਚਾਰ ਦਿਨ ਜਿੰਦਗੀ ਦੇ ਸੌਖੇ ਹੋ ਜਾਣਗੇ ਨਾਲੇ ਮਰਨ ਲੱਗਿਆਂ ਅਗੋਂ ਲੈਣ ਆਊ?
ਇੱਕ ਹੋਰ ਆਉਂਦਾ ਹੈ। ਸ਼ੇਰ ਜੀ ਕਿਤੇ ਤਪੱਸਿਆ ਕੀਤੀ ਬਾਬਾ ਨੰਦ ਸਿੰਘ ਜੀ ਨੇ। ਨਾਨਕਸਰ ਦੇ ਉਪਰੋਂ ਤਾਂ ਉੱਡਦਾ ਪੰਛੀ ਵੀ ਲੰਘ ਜਾਏ ਤਾਂ ਸਿੱਧਾ ਸਵਰਗ। ਐਨ ਧੁਰ? ਗੱਡੀ ਕਿਤੇ ਨਹੀ ਰੁੱਕਦੀ ਰਸਤੇ ਵਿਚ! ਬਾਬਾ ਜੀ ਦਾ ਤਾਂ ਪਿੱਛਾ ਧੋਣ ਵਾਲਾ ਨਲਕਾ ਹੀ ਸਿਰ ਛੂਹਾਇਆਂ ਬੰਦੇ ਦੇ ਕੁਆੜ ਖੋਹਲ ਦਿੰਦਾ! ਤੇ ਜੁੱਤੀਆਂ? ਬਾਬਾ ਜੀ ਕਿਹਾ ਕਰਦੇ ਸਨ ਇਥੋਂ ਦੇ ਤਾਂ ਕੁੱਤੇ ਵੀ ਦਰਗਾਹ ਵਿਚ ਜਾਣਗੇ ਤੇ ਕਹਿੰਦੇ ਨੇ ਬਾਬਾ ਜੀ ਦੇ ਬਾਬਾ ਜੀ ਨੇ 'ਉਪਰ' ਬਹੁਤ ਕੁੱਤੇ ਰੱਖੇ ਹੋਏ ਨੇ। ਦਰਗਾਹੇ ਨਾਲ ਹੀ ਲੈ ਗਏ ਸਨ! ਰਾਖੀ ਦਾ ਵੀ ਕੋਈ ਡਰ ਨਹੀ! ਹਾਂਅ?
ਤੇ ਸ਼ੇਰ ਜੀ ਠਾਠ ਦਾ ਹਰਾ ਹਰਾ ਘਾਹ ਚਰਨ ਤੁਰ ਪਏ। ਮਾਅਰ ਬਰਸੀਆਂ ਤੇ ਟਰਾਲੀਆਂ-ਟਰੱਕਾਂ ਦਾ ਸ਼ੁਮਾਰ ਨਹੀ। ਦੇਹ ਧੱਕੇ ਤੇ ਧੱਕੇ! ਇੱਕ ਦੂਏ ਦੇ ਉਪਰੋਂ ਦੀ ਹੋ ਹੋ ਬਾਬਿਆਂ ਦੇ ਆਸਣਾਂ, ਗੱਦਿਆਂ ਤੇ ਕੁਰਸੀਆਂ ਅੱਗੇ ਕਿਤੇ ਕੋਡੇ ਹੁੰਦੇ? ਇਹ ਭੀੜਾਂ ਨੇ ਅਨੰਦਪੁਰ ਵਾਸੀਆਂ ਦੀਆਂ! ਇਹ ਨੇ ਗੁਰੂ ਬਾਜਾਂ ਵਾਲੇ ਨੂੰ ਸਿਰ ਦੇਣ ਵਾਲੇ! ਯਾਨੀ ਵਾਸੀ ਅਨੰਦਪੁਰ ਦਾ ਤੁਰ ਪਿਆ ਠਾਠਾਂ ਦੇ ਹਰੇ ਘਾਹ ਚਰਨ?
ਇੱਕ ਹੋਰ ਆਇਆ।ਸ਼ੇਰ ਜੀ ਮਹਾਰਾਜ ਤੁਸੀਂ ਕਦੇ ਰਾੜਾ ਸਾਹਬ ਗਏਂ? ਆਹ ਹਾ ਹਾ। ਉਥੇ ਬਾਬਾ ਜੀ ਦੀ ਟੱਟੀ ਕਰਨ ਵਾਲੀ 'ਪਵਿੱਤਰ' ਟਾਇਲਟ ਰੱਖੀ ਹੋਈ ਬੰਦਾ ਧੰਨ ਹੋ ਜਾਂਦਾ ਉਸ ਨੂੰ ਸਿਰ ਛੁਹਾ ਕੇ। ਸਾਰੇ ਕੁਵਾੜ ਖੁੱਲ੍ਹ ਜਾਂਦੇ। ਦਸਵਾਂ ਦਵਾਰ ਤੋਂ ਵੀ ਕੋਈ ਉਪਰਲਾ ਦੁਵਾਰ ਹੈ ਸ਼ਾਇਦ ਗਿਆਰਵਾਂ ਕਿ ਬਾਰਵਾਂ ਉਸ ਦੇ ਫਾਟਕ ਤਾਂ ਹਨ ਹੀ 'ਅਲੈਕਟਰਾਨਿਕ'! ਤੁਹਾਨੂੰ ਦੇਖਦੇ ਹੀ ਦੋ ਹੋ ਜਾਂਦੇ ਹਨ। ਬੱਅਸ ਇਕ ਵਾਰ ਤੁਸੀਂ ਕਿਤੇ ਜਾ ਕੇ ਟਾਇਲਟ ਨੂੰ ਮੱਥਾ ਤਾਂ ਛੁਹਾਵੋ। ਤੇ ਸ਼ੇਰ ਜੀ?
ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਹਾਲੇ ਸ਼ੁਕਰ ਏ ਬੇਸ਼ਰਮਾ ਨੇ 'ਬਾਬੇ' ਦੇ ਗੋਹੇ ਦਾ ਬਾਲਟਾ ਨਹੀ ਭਰ ਕੇ ਰੱਖ ਲਿਆ ਨਹੀ ਤਾਂ……
ਸ਼ੇਰ ਅਪਣਾ ਸ਼ੇਰ ਪੁਣਾਂ ਛੱਡ ਡੇਰਿਆਂ ਦਾ ਘਾਹ ਖਾਣ ਤੁਰ ਪਿਆ। ਉਸ ਵੇਲੇ ਤਾਂ ਅੱਤ ਹੀ ਹੋ ਨਿਬੜੀ ਜਦ ਅੰਮ੍ਰਤਿਸਰ ਵਾਲੇ ਗੱਧੇ ਇਸ ਨੂੰ ਕੁੰਭ ਦੇ ਮੇਲੇ ਤੇ ਗੰਗਾ ਦਾ ਘਾਹ ਚਰਨ ਲਈ, ਲਈ ਫਿਰਦੇ ਹਨ ਤੇ ਇਹ ਧੌਣ ਨੀਵੀ ਕਰਕੇ ਉਥੋਂ ਦੇ ਨਾਗਿਆਂ ਦੀ ਭੀੜ ਵਿਚ ਗੁਆਚ ਕੇ ਰਹਿ ਗਿਆ ਹੈ। ਇਸ ਸ਼ੇਰ ਨੂੰ ਹੁਣ ਜਿਥੇ ਮਰਜੀ ਘਾਹ ਚਰਨ ਲਿਜਾਇਆ ਜਾ ਸਕਦਾ ਹੈ ਇਹ ਤਿਆਰ ਹੈ। ਦੱਸੋ ਕਿਥੇ ਖੜਨਾ ਹੈ?
ਗੁਰਦੇਵ ਸਿੰਘ ਸੱਧੇਵਾਲੀਆ

Image may contain: 1 person, standing and outdoor

Image result for sikhs at haridwar

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top