ਅੱਖੀਂ ਵੇਖ ਨ ਰਜੀਆਂ

ਸੜਕ ਉਪਰ ਤੁਰੀ ਜਾਂਦੀ ਸੁਹਣੀ ਔਰਤ ਜਦ ਤੁਸੀਂ ਦੇਖਦੇ ਹੋਂ ਤਾਂ ਉਸ ਉਪਰ ਪਹਿਲੀ ਪਈ ਨਜਰ ਸੁਭਾਇਕੀ ਹੈ, ਦੂਜੀ ਵਾਰ ਜਦ ਤੁਸੀਂ ਦੇਖਿਆ ਤਾਂ ਵੀ ਸੁਭਾਇਕੀ ਹੈ ਕਿਉਂਕਿ ਕੁਦਰਤ ਦਾ ਸੁਹਪਣ ਤੁਹਾਡੀ ਨਿਗਾਹ ਨੂੰ ਅਚੰਭਤ ਕਰਦਾ ਹੈ, ਪਰ ਜਦ ਤੁਸੀਂ ਤੀਜੀ ਵਾਰ ਫਿਰ ਤਾਂ ਥੋੜੀ ਹਿੱਲਜੁਲ ਹੈ ਅੰਦਰ, ਪਰ ਜਦ ਚੌਥੀ, ਪੰਜਵੀ ਤੇ ਮੁੜ ਅੱਖਾਂ ਦੇ ਟੀਰ ਵਿਚੋਂ, ਫਿਰ ਪਿੱਛੇ ਮੁੜ ਮੁੜ, ਦੁਬਾਰਾ ਦੁਬਾਰਾ, ਧੌਣ ਘੁੰਮਾ-ਘੁੰਮਾ ਕੇ ਤਾਂ ਅੰਦਰ ਬੀਮਾਰ ਹੈ, ਕੋਈ ਵਾਇਰਸ ਹੈ ਅੰਦਰ। ਤੇ ਜੇ ਇਹ ਬਿਮਾਰੀ ਬੁੱਢੇ ਹੋਣ ਤੱਕ ਨਹੀ ਗਈ ਤਾਂ ਫਿਰ ਤਾਂ ਉਈਂ ਲਾ-ਇਲਾਜ! ਪੱਕ ਗਈ ਏ ਨਾ ਹੁਣ। ਇਲਾਜ ਦਾ ਹੁਣ ਸਮਾ ਹੀ ਕਿਥੇ? ਤੇ ਇਹ ਹਿੰਦੋਸਤਾਨ ਦੇ ਮੂਲ ਦੇ ਲੋਕਾਂ ਵਿਚ ਜਿਆਦਾ ਨਹੀ? ਅਪਣਿਆਂ ਵਿਚ ਵੀ?
ਅੱਖ ਦੱਸਦੀ ਕਿ ਬਾਹਰ ਕੀ ਚਲ ਰਿਹੈ। ਅੱਖ ਸਿਰ ਨੂੰ ਸਿਗਨਲ ਭੇਜਦੀ। ਸਿਰ ਨੂੰ ਸਹਿਮਤ ਕਰਦੀ। ਸਿਰ ਨੇ ਰੋਕਣਾ ਜੂ ਹੋਇਆ ਡੰਡਾ ਲੈ ਕੇ ਪਰ ਅੱਖ ਸਿਰ ਨੂੰ ਵੀ ਨਾਲ ਰਲਾ ਲੈਂਦੀ। ਸਿਰ ਨੂੰ ਵੀ ਉਕਸਾ ਲੈਂਦੀ ਅੱਖ। ਜਦ ਸਿਰ ਸਹਿਮਤ ਹੋ ਜਾਂਦਾ ਤਾਂ ਅੱਖ ਦੀਆਂ ਪਾਉਂ ਬਾਰਾਂ! ਸਿਰ ਦੀ ਜਦ ਸਹਿਮਤੀ ਹੋ ਜਾਂਦੀ ਅੱਖ ਨਾਲ ਤਾਂ ਅੱਖ ਫਿਰ ਅਗਲਾ ਦਰਵਾਜਾ ਪਾਰ ਕਰਦੀ ਤੇ ਕਪੱੜਿਆਂ ਦੇ ਵਿਚੋਂ ਦੀ ਹੀ ਔਰਤ ਦੇ ਬਦਨ ਦੀ 'ਸਕੈਨਿੰਗ' ਕਰਕੇ ਸਿਰ ਨੂੰ ਭੇਜਣ ਲੱਗਦੀ। ਸਿਰ ਰਸ ਲੈਣ ਲੱਗਦਾ ਤੇ ਉਸੇ ਰਸ ਦਾ ਹਿੱਸਾ ਵਾਪਸ ਅੱਖ ਨੂੰ ਦਿੰਦਾ, ਮੁੜ ਦੋਵੇਂ ਰਲ ਕੇ ਅੱਗੇ ਤੋਂ ਅੱਗੇ ਦਾ ਰਸਤਾ ਫੜ ਲੈਂਦੇ। ਉਹ ਅਗਲਾ ਰਸਤਾ ਜਿਸ ਨੂੰ ਤੁਸੀਂ ਵਾਸ਼ਨਾ ਕਹਿੰਨੇ!
ਅੱਖ ਅਗਲੇ ਦਾ ਕੱਦ ਕਾਠ, ਅੱਗਾ ਪਿੱਛਾ, ਹੇਠਾ-ਉਤਾ ਸਭ ਸਕਿੰਟਾਂ ਵਿਚ ਹੀ ਮਿਣ ਕੱਢਦੀ। ਅੱਖ ਸਿਰ ਨੂੰ ਹੋਰ ਉਤਸਕ ਕਰਨ ਵਾਲੀਆਂ ਤਸਵੀਰਾਂ ਭੇਜਣ ਲੱਗਦੀ। ਅੱਖ ਰੱਜਦੀ ਥੋੜੋਂ ਫਿਰ ਜਦ ਸਿਰ ਖੁਲ੍ਹ ਦਿੰਦਾ। ਸਿਰ ਨੇ ਅੱਖ ਨੂੰ ਰੋਕਣਾ ਸੀ ਪਰ ਸਿਰ ਤਾਂ ਖੁਦ ਉਸ ਵਲੋਂ ਭੇਜੀਆਂ ਮੂਰਤਾਂ ਉਪਰ ਮੋਹਿਤ ਹੋਈ ਜਾ ਰਿਹੈ। ਤੇ ਬਹੁਤੀ ਵਾਰੀ ਅਜਿਹੀ ਖੇਡ ਵਿਚੋਂ ਹੀ ਬਲਾਤਕਾਰ ਜਨਮ ਲੈਂਦੇ ਹਨ! ਸਿਰ ਨੇ ਸਭ ਅੰਗਾਂ ਨੂੰ ਸਥਿਰ ਰੱਖਣਾ ਸੀ ਪਰ ਸਿਰ ਨੇ ਸਭ ਨੂੰ ਅਪਣੇ ਰਸ ਵਿਚ ਸ਼ਾਮਲ ਕਰ ਲਿਆ ਬਾਕੀ ਦੇਹ ਤਾਂ ਸਿਰ ਮਗਰ ਹੀ ਜਾਣੀ ਸੀ ਪਰ ਇਹ ਸ਼ਰਾਰਤ ਸਾਰੀ ਅੱਖ ਨੇ ਕੀਤੀ!
ਅੱਖ ਦੀ ਸ਼ਰਮ ਹੋਰ ਕੀ ਹੈ ਕਿ ਦੇਖਿਆ ਨਾ ਦੇਖਿਆ ਤੇ ਲੰਘ ਗਏ! ਅੱਖ ਦੀ ਜੌਬ ਸੀ ਕਿ ਬਾਹਰ ਦੇ ਹਲਾਤ ਸਿਰ ਨੂੰ ਦੱਸਦੇ ਰਹਿਣਾ। ਉੱਚੇ-ਨੀਵੇ ਬਾਰੇ ਜਾਣਕਾਰੀ ਦਿੰਦੇ ਰਹਿਣਾ ਤਾਂ ਕਿ ਸਿਰ ਬਾਕੀ ਦੇਹ ਨੂੰ ਠੁੱਡਾ-ਠੇਡਾ ਨਾ ਲੱਗਣ ਦੇਵੇ। ਪਰ ਅੱਖ ਤਾਂ ਸੁਹਣੇ ਬਦਨ ਵਿਚ ਖੁੱਭ ਕੇ ਹੀ ਰਹਿ ਗਈ। ਮੱਖੀ ਦੇ ਗੁੜ ਵਿਚ ਖੁੱਭਣ ਵਾਂਗ। ਅਜਿਹੀ ਖੁੱਭੀ ਕਿ ਨਾਲ ਸਿਰ ਵੀ ਫਸਾ ਦਿੱਤਾ! ਉਸ ਅਜਿਹੀਆਂ ਮੋਹਣੀਆਂ ਤਸਵੀਰਾਂ ਸਿਰ ਨੂੰ ਭੇਜੀਆਂ ਕਿ ਸਿਰ ਵੀ ਨਾਲ ਹੋ ਲਿਆ। ਨਤੀਜਾ?
ਚਿਰ ਦੀ ਗੱਲ ਹੈ। ਹਾਂਗਕਾਂਗ ਦੋਧੜੇ ਵਾਲਿਆਂ ਦਾ ਬਲਰਾਜ ਸਿੰਘ ਆਇਆ ਅਪਣੇ ਜਥੇ ਸਮੇਤ। ਬੁਲਾਰਾ ਤਗੜਾ ਸੀ। ਕੀਰਤਨ ਬਾਅਦ ਮਾਈਆਂ ਜੱਫੀਆਂ ਪਾ ਪਾ ਮਿਲਣ। ਇਸ ਤਮਾਸ਼ੇ ਨੂੰ ਦੇਖਦਾ ਮੇਰੇ ਇੱਕ ਮਿਤਰ ਦਾ ਬਜ਼ੁਰਗ ਜੋ ਮੇਰੇ ਨੇੜੇ ਖੜਾ ਸੀ ਕਹਿੰਦਾ ਇਹ ਬੰਦਾ ਜਿਆਦਾ ਹੀ ਜੱਫੀਆਂ ਪਾ ਪਾ ਨਹੀ ਮਿਲ ਰਿਹਾ? ਚਲ ਜੇ ਮਾਈਆਂ ਨੂੰ ਅਕਲ ਨਹੀ ਇਸ ਨੂੰ ਤਾਂ ਹੋਣੀ ਬਣਦੀ ਹੈ! ਉਹੀ ਗੱਲ ਹੋਈ ਮਹੀਨੇ ਬਾਅਦ ਹੀ ਚਿੱਠੇ ਬਾਹਰ ਤੇ ਬਲਰਾਜ ਅੰਦਰ!
ਬਜ਼ੁਰਗ ਦਾ ਕੰਮ ਜਵਾਨ ਬੀਬੀ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦੇਵੇ ਤੇ ਜਵਾਨ ਤਾਂ ਦੂਰੋਂ ਫਤਹਿ ਪ੍ਰਵਾਨ ਕਰੇ ਨਹੀ ਤਾਂ ਮਾਈਆਂ ਹੱਥੋਂ ਦੁੱਧ ਪੀਣੇ ਮਜਨੂੰ ਛੇਤੀ ਪਕੜ ਹੋ ਜਾਂਦੇ ਹਨ। ਅੱਖ ਕਦੇ ਵੀ ਬੰਦੇ ਨੂੰ ਖਤਾ ਦੇ ਜਾਂਦੀ ਹੈ। ਅੱਖ ਪਤਾ ਵੀ ਨਹੀ ਲੱਗਣ ਦਿੰਦੀ ਕਿ ਉਹ ਕਿਹੜੇ ਵੇਲੇ ਕਿਵੇਂ ਦੇ ਸੀਨ ਬਣਾ ਕੇ ਸਿਰ ਨੂੰ ਸ਼ਾਮਲ ਕਰ ਲੈਂਦੀ ਹੈ ਤੇ ਬੰਦਾ ਅਜਿਹੇ ਜਾਲ ਵਿਚ ਫਸਦਾ ਨਾ ਇੱਜਤ ਰਹਿੰਦੀ ਨਾ ਆਬਰੂ। ਅੱਖ ਰੱਜਦੀ ਨਹੀ। ਅੱਖ ਕਦੇ ਤ੍ਰਿਪਤ ਨਹੀ ਹੁੰਦੀ। ਅੱਖ ਹਮੇਸ਼ਾਂ ਪਿਆਸੀ ਰਹਿੰਦੀ ਹੈ। ਇਸ ਉਪਰੋਂ ਜੇ ਸਿਰ ਦਾ ਯਾਣੀ ਸ਼ੁਧ ਵਿਚਾਰ ਦਾ ਡੰਡਾ ਚੁੱਕ ਹੋ ਜਾਵੇ ਤਾਂ ਇਹ ਬੇਲਗਾਮ ਹੋ ਜਾਂਦੀ ਹੈ। ਕਿਉਂਕਿ ਇਹ ਰੰਗ ਤਮਾਸ਼ਿਆਂ ਨਾਲ ਕਦੇ ਰੱਜਦੀ ਨਹੀ! ਕਿ ਰੱਜਦੀ?

Image may contain: 1 person
ਗੁਰਦੇਵ ਸਿੰਘ ਸੱਧੇਵਾਲੀਆ

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top