ਮਤਾ ਨੰਬਰ 4 (ਵਿਸ਼ਵ ਸਿੱਖ ਚੇਤਨਾ ਕਾਨਫਰੰਸ ਸਿਆਟਲ) ਦੇ ਭੁਲੇਖੇ ਸੰਬੰਧੀ ਵੀਚਾਰ

ਖਾਲਸਾ ਨਿਊਜ਼ 'ਤੇ ਸਿਆਟਲ ਵਿਸ਼ਵ ਸਿੱਖ ਚੇਤਨਾ ਕਾਨਫਰੰਸ ਦੇ ਮਤਾ ਨੰਬਰ 4 'ਤੇ ਪ੍ਰੋ ਕਸ਼ਮੀਰਾ ਸਿੰਘ ਜੀ ਵੱਲੋਂ ਸਮੀਖਿਆ ਕਰਦੇ ਹੋਏ ਇਤਰਾਜ ਜਿਤਾਇਆ ਗਿਆ, ਜੋ ਕਿ ਜਾਇਜ਼ ਮੰਨਿਆ ਜਾ ਸਕਦਾ ਸੀ, ਅਗਰ ਇਸ ਮਤੇ ਨੂੰ ਪਾਸ ਕਰਨ ਪਿੱਛੇ ਵਿਦਵਾਨਾਂ ਜਾਂ ਜੋ ਕੁਝ ਸੂਝਵਾਨ ਸੱਜਣਾਂ ਦਾ ਇਕੱਠ ਸੀ, ਉਹਨਾਂ ਦੀ ਰਾਇ ਜਾਂ ਉਦੇਸ਼ ਭੀ ਪ੍ਰੋ ਕਸ਼ਮੀਰਾ ਸਿੰਘ ਹੁਰਾਂ ਦੇ ਮਤੇ ਨੂੰ ਸਮਝਣ ਅਨੁਸਾਰ ਹੁੰਦਾ। ਉਨ੍ਹਾਂ ਦਾ ਸੰਸਾ ਜਾਇਜ਼ ਹੈ ਤੇ ਮੈਂ ਉਨ੍ਹਾਂ ਦਾ ਵੀਚਾਰਾਂ ਦੀ ਕਦਰ ਕਰਦਾ ਹਾਂ।

ਇੱਕ ਐਸਾ ਹੀ ਸਵਾਲ ਮੈਨੂੰ ਸਵੀਡਨ ਤੋਂ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਦਰਸ਼ਨ ਸਿੰਘ ਜੋ ਬੜੇ ਸਪਸ਼ੱਟ ਵਿਚਾਧਾਰਾ ਦੇ ਹਨ ਉਹਨਾਂ ਨੇ ਭੀ ਪੁੱਛਿਆ । ਜਦੋਂ ਮੈਂ ਥੋੜਾ ਖੋਲ ਕੇ ਦੱਸਿਆ ਤਾਂ ਉਹਨਾਂ ਨੇ ਝੱਟ ਸਮਝ ਲਿਆ ਅਤੇ ਸਗੋਂ ਨਾਲ ਹੀ ਕਿਹਾ ਕਿ ਮੇਰੇ ਮੁਤਾਬਿਕ ਭੀ ਇਸਦਾ ਭਾਵ ਇਹੋ ਨਿਕਲ ਰਿਹਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੇਲੇ ਇੱਕ ਹੀ ਸ਼ਬਦ ਤੋਂ ਦੋ ਭਾਵ ਲੈ ਲਏ ਜਾਂਦੇ ਹਨ, ਪਰ ਜੇ ਅਸੀਂ ਇਸਨੂੰ ਕਿਸੇ ਸੰਧਰਭ ਵਿੱਚ ਰੱਖ ਕੇ ਘੋਖੀਏ ਤਾਂ ਸ਼ੰਕਾ ਨਿਵਿਰਤ ਹੋ ਜਾਂਦੀ ਹੈ।

ਆਓ ਦੁਬਾਰਾ ਮਤਿਆਂ ਵੱਲ ਝਾਤੀ ਮਾਰੀਏ। ਮਤਾ ਨੰਬਰ 4 ਵੱਲ ਜਾਣ ਤੋਂ ਪਹਿਲਾਂ ਮਤਾ ਨੰਬਰ ਇੱਕ ਸਮਝਣਾ ਬਹੁਤ ਜਰੂਰੀ ਹੈ।

ਗੁਰਮਤਾ 1. ਅੱਜ ਦਾ ਇਹ ਇਕੱਠ ਐਲਾਨ ਕਰਦਾ ਹੈ ਕਿ ਸਿੱਖਾਂ ਦੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ । ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਗ੍ਰੰਥ ਜਾਂ ਦੇਹ ਧਾਰੀ ਨੂੰ ਸਥਾਪਨ ਕਰਨਾ ਪ੍ਰਵਾਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਕਰਨ ਵਾਲਿਆਂ ਦੀ ਭਰਪੂਰ ਨਿਖੇਧੀ ਕਰਦਾ ਹੈ।

 ਇਸ ਮਤੇ ਰਾਹੀਂ ਗੁਰੂ ਗਰੰਥ ਸਾਹਿਬ ਦੀ ਸਰਵਉੱਚਤਾ ਦਾ ਐਲਾਨ ਕਰਦੇ ਹੋਏ ਇਹ ਭੀ ਸਪਸੱਟ ਕੀਤਾ ਗਿਆ ਹੈ ਕਿ ਗਰੰਥ ਦੇ ਬਰਾਬਰ ਕਿਸੇ ਭੀ ਹੋਰ ਪੁਸਤਕ (ਅਖੌਤੀ ਦਸ਼ਮ ਗਰੰਥ) ਜਾਂ ਦੇਹ ਧਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਹਧਾਰੀ ਸ਼ਬਦ ਕੇਵਲ ਦੇਹਧਾਰੀ ਗੁਰੂ ਡੰਮ ਲਈ ਹੀ ਨਹੀਂ, ਸਗੋਂ ਦੇਹਧਾਰੀ ਪੰਥ ਲਈ ਭੀ ਹੈ ਜੋ ਕਿ ਗੁਰੂ ਗਰੰਥ ਬਰਾਬਰ ਬੈਠ ਕੇ ਫੈਂਸਲੇ ਦਿੰਦਾ ਹੈ। ਹੁਣ ਇਸੇ ਮਤੇ ਨੂੰ ਆਧਾਰ ਬਣਾ ਕੇ ਇੱਕ ਪੰਛੀ ਝਾਤ ਮਤਾ ਨੰਬਰ 4 ਤੇ ਭੀ ਮਾਰਦੇ ਹਾਂ।

ਗੁਰਮਤਾ 4. ਅੱਜ ਦਾ ਇਹ ਇਕੱਠ ਉਨ੍ਹਾਂ ਧਿਰਾਂ ਨੂੰ ਜਿਹੜੀਆਂ ਧਿਰਾਂ ਅਕਾਲ ਤਖ਼ਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਪਹਿਲਾਂ ਹੀ ਨਹੀਂ ਮੰਨਦੀਆਂ, ਉਨ੍ਹਾਂ ਨੂੰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਾ ਹੈ।

ਇਸ ਮਤੇ ਨੂੰ ਸੌਖਾ ਸਮਝਣ ਲਈ ਅਸੀਂ ਰਹਿਤ ਮਰਿਯਾਦਾ ਸੰਬੰਧੀ ਪਹੁੰਚ ਰੱਖਣ ਵਾਲੀਆਂ ਧਿਰਾਂ ਨੂੰ ਮੋਟੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਦੇ ਹਾਂ।

ਇੱਕ ਉਹ ਧਿਰ ਜੋ ਕਿ ਸਾਰੀ ਮਰਿਯਾਦਾ ਨੂੰ ਰੱਦ ਕਰਨ ਦੀ ਆੜ ਵਿੱਚ ਹਨ, ਜਿੰਨਾ ਵਿੱਚ ਅਖੌਤੀ ਸੰਤ ਸਮਾਜ, ਨਾਨਕਸਰੀਏ, ਧੁੰਮਾ ਗਰੁੱਪ, ਨਿਹੰਗ ਯੂਨੀਅਨ ਅਤਿਆਦਿ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਨੇ ਕਦੇ ਇਸ ਮਰਿਯਾਦਾ ਨੂੰ ਮੰਨਿਆ ਭੀ ਨਹੀਂ, ਸਗੋਂ ਇਸਦੇ ਉਲਟ ਆਪੋ ਆਪਣੀ ਮਰਿਯਾਦਾ ਦੇ ਝੰਡੇ ਗੱਡੇ।

ਇਸਦੇ ਉਲਟ ਦੂਜੀ ਧਿਰ ਉਹਨਾਂ ਜਾਗਰੂਕ ਸੱਜਣਾਂ ਦੀ ਹੈ ਜੋ ਇਸ ਮਰਿਯਾਦਾ ਨੂੰ ਮੰਨਦੇ ਤਾਂ ਰਹੇ, ਪਰ ਕੁਝ ਗੁਰੂ ਗਰੰਥ ਦੀ ਸਰਵਉੱਚਤਾ ਦੇ ਫਿਕਰਮੰਦ ਸੱਜਣ ਅੰਦਰੋ ਅੰਦਰੀਂ ਇਹ ਆਵਾਜ ਭੀ ਉਠਾਉਂਦੇ ਰਹੇ ਕਿ ਇਸ ਵਿੱਚ ਸੋਧ ਦੀ ਲੋੜ ਹੈ। ਇਸ ਗੱਲ ਨੂੰ ਕਿਹੜਾ ਗੁਰੂ ਗਰੰਥ ਦਾ ਦੁਲਾਰਾ ਮੰਨ ਸਕਦਾ ਹੈ ਕਿ ਮੇਰਾ ਆਦਰਸ਼ ਅਕਾਲ ਪੁਰਖ ਦੀ ਜਗਾ ਭਗਉਤੀ ਹੋਵੇ? ਮੇਰਾ ਨਿੱਤਨੇਮ ਜਾਂ ਅਮ੍ਰਿਤ ਸੰਚਾਰ ਗੁਰੂ ਗਰੰਥ ਨੂੰ ਛੁੱਟ, ਕਿਸੇ ਹੋਰ ਗਰੰਥ ਵਿੱਚੋਂ ਹੋਵੇ? ਗੁਰੂ ਗ੍ਰੰਥ ਧਰਮ ਦੇ ਸੰਕਲਪ ਨੂੰ ਨੁਕਸਾਨ ਪਹਚਾਉਣ ਵਾਲੀ ਕੋਈ ਭੀ ਬਿੱਪਰੀ ਵਿਚਾਰਧਾਰਾ ਜੋ ਇਸ ਮਰਿਯਾਦਾ ਦਾ ਹਿੱਸਾ ਹੈ, ਇਸ ਸੰਬੰਧੀ ਕਾਨਫਰੰਸ ਦੌਰਾਨ ਸਾਰਿਆਂ ਨੇ ਚਿੰਤਾ ਜਾਹਿਰ ਕੀਤੀ।

ਇਸ ਕਾਨਫਰੰਸ ਦੌਰਾਨ ਸਾਡੀਆਂ ਕਈ ਮੀਟਿੰਗਾਂ ਹੋਈਆਂ ਜਿਸ ਤੋਂ ਇਹ ਗੱਲ ਸਾਫ਼ ਉੱਭਰ ਕੇ ਸਾਹਮਣੇ ਆਈ ਕਿ ਅੱਜ ਰਹਿਤ ਮਰਿਯਾਦਾ ਦੀ ਸੋਧ ਦਾ ਖਿਆਲ ਲਗਭੱਗ ਸਾਰੇ ਜਾਗਰੂਕ ਸੱਜਣਾਂ ਦੇ ਦਿਲਾਂ ਅੰਦਰ ਹੁਲਾਰੇ ਮਾਰ ਰਿਹਾ ਹੈ, ਬੱਸ ਲੋੜ ਹੈ ਇਸ ਖਿਆਲ ਨੂੰ ਅਮਲੀ ਜ਼ਾਮਾ ਪਹਿਨਾਉਣ ਦੀ, ਜਿਸ ਸੰਬੰਧੀ ਇਸ ਕਾਨਫਰੰਸ ਦੌਰਾਨ ਬਹੁਤ ਵਿਚਾਰ ਚਰਚਾ ਤੋਂ ਬਾਅਦ ਕੁਝ ਨੀਤੀਆਂ ਅਤੇ ਟੀਚੇ ਭੀ ਤਹਿ ਕੀਤੇ ਗਏ।

ਹੁਣ ਦੁਬਾਰਾ ਆਉਂਦੇ ਹਾਂ ਮਤੇ ਨੰਬਰ 4 ਵੱਲ ਕਿ ਇਹ ਮਤਾ ਕਿੰਨਾਂ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਹੈ। ਜਿਵੇਂ ਕਿ ਪਿੱਛੇ ਜਹੇ ਇੱਕ ਖਬਰ ਜੋ ਕਿ ਅਖੌਤੀ ਸੰਤ ਸਮਾਜ, ਨਾਨਕਸਰੀਏ, ਧੁੰਮਾ ਗਰੁੱਪ, ਨਿਹੰਗ ਯੂਨੀਅਨ ਅਤਿਆਦਿ ਵੱਲੋਂ ਜਾਰੀ ਕੀਤੀ ਗਈ ਸੀ ਕਿ ਨਾਨਕਸ਼ਾਹੀ ਕਲੈਂਡਰ ਤੋਂ ਬਾਅਦ ਰਹਿਤ ਮਰਿਯਾਦਾ ਨੂੰ ਸੋਧ ਦਾ ਕਾਰਜ ਭੀ ਛੇਤੀ ਹੀ ਇਸ ਜੁੰਡਲੀ ਵੱਲੋਂ ਸ਼ੁਰੂ ਕੀਤਾ ਜਾਵੇਗਾ ਜੋ ਕਿ ਗੁਪਤ ਸੂਚਨਾ ਅਨੁਸਾਰ ਅੰਦਰ ਖਾਤੇ ਚੱਲ ਭੀ ਰਿਹਾ ਹੈ। ਇਹ ਮਤਾ ਖਾਸ ਕਰਕੇ ਉਹਨਾਂ ਗੁਰੂ ਗਰੰਥ ਵਿਰੋਧੀ ਧਿਰਾਂ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਹੈ। ਪਰ ਲਿਖਣ ਵਾਲੇ ਸੱਜਣ ਕੋਲੋਂ ਇਸ ਭਾਵ ਨੂੰ ਕਲਮਬੰਦ ਕਰਨ ਲੱਗਿਆਂ ਲੇਖਣੀ ਨਾਲ ਪੂਰੀ ਤਰਾਂ ਵਫ਼ਾ ਨਹੀਂ ਹੋ ਪਾਈ, ਇਸ ਲਈ ਇੱਕ ਭੁਲੇਖਾ ਜਿਹਾ ਖੜਾ ਹੋ ਗਿਆ। ਜਿਸ ਤੋਂ ਇਸ ਤਰਾਂ ਮਹਿਸੂਸ ਹੋਇਆ ਕਿ ਜਿਵੇਂ ਇਹ ਮਤਾ ਗੁਰੂ ਗਰੰਥ ਦੇ ਅਨੁਸਾਰ ਮਰਿਯਾਦਾ ਦੀ ਸੋਧ ਰੱਖਣ ਵਾਲੇ ਗੁਰੂ ਦੁਲਾਰਿਆਂ ਨੂੰ ਭੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ।

ਮਰਿਯਾਦਾ ਦੀ ਸੋਧ ਸੰਬੰਧੀ – ਅਖੀਰ 'ਤੇ ਹੁਣ ਮੈਂ ਆਪਣੇ ਵੱਲੋਂ ਇੱਕ ਵਿਚਾਰ ਨਿੱਜੀ ਤੌਰ 'ਤੇ ਭੀ ਸਾਂਝਾ ਕਰਨਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਕਿ ਦੂਜੀ ਧਿਰ ਪ੍ਰਚਿਲਤ ਰਹਿਤ ਮਰਿਯਾਦਾ ਨੂੰ ਰੱਦ ਕਰਕੇ ਗੁਰੂ ਗਰੰਥ ਦੀ ਵਿਚਾਰਧਾਰਾ ਤੋਂ ਬਾਹਰੀ ਕੋਈ ਆਪਣੇ ਵੱਡੇ ਮਹਾਂਪੁਰਖ ਦੇ ਕੁਬੋਲਾਂ ਦੇ ਅਧਾਰ 'ਤੇ ਨਾਨਕਸ਼ਾਹੀ ਕਲੈਂਡਰ ਵਾਂਗ ਨਵਾਂ ਸੱਪ ਕੌਮ ਦੇ ਗਲ ਵਿੱਚ ਪਾ ਦੇਵੇ, ਤਾਂ ਅਸੀਂ ਬਾਅਦ ਵਿੱਚ ਸੋਚੀਏ ਕਿ ਕੀ ਕਰਨਾ ਹੈ, ਤਾਂ ਕੋਈ ਜਾਗਰੂਕਤਾ ਦੀ ਨਿਸ਼ਾਨੀ ਨਹੀਂ ਹੋਵੇਗੀ।

ਸਾਨੂੰ ਸਪੱਸ਼ਟ ਫੈਸਲਾ ਕਰਨਾ ਪਵੇਗਾ ਕਿ ਸਾਡੀ ਧਾਰਮਿਕ ਮਰਿਯਾਦਾ ਕੇਵਲ ਤੇ ਕੇਵਲ ਗੁਰੂ ਗਰੰਥ ਅਧਾਰੀ ਹੀ ਹੋਵੇਗੀ ਅਤੇ ਰਹਿਤ ਮਰਿਯਾਦਾ ਦਾ ਸਮਾਜੀ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਵਾਲਾ ਅੰਸ਼ ਜਿਵੇਂ ਜਨਮ ਸੰਸਕਾਰ, ਅਨੰਦ ਸੰਸਕਾਰ, ਮਿਰਤਕ ਸੰਸਕਾਰ ਅਤਿਆਦਿ ਜੋ ਕਿ ਕਾਫੀ ਹੱਦ ਤੱਕ ਠੀਕ ਹਨ, ਨੂੰ ਗੁਰੂ ਗਰੰਥ ਦੀ ਰੋਸ਼ਨੀ ਵਿੱਚ ਵਿਚਾਰਿਆ ਜਾ ਸਕਦਾ ਹੈ। ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਛੇਤੀ ਹੀ ਕਾਰਜਸ਼ੀਲ ਹੋਣ ਦੀ ਲੋੜ ਹੈ ਪੰਥ ਦੇ ਅਦਾਰੇ ਰੂਪੀ ਭੁਲੇਖੇ ਵਿੱਚੋਂ ਨਿਕਲ ਕੇ ਗਰੰਥ ਪੰਥ ਦੀ ਵਿਚਾਰ ਦੇ ਦਾਇਰੇ ਵਿੱਚ ਆ ਕੇ, ਇਸ ਕਾਰਜ ਨੂੰ ਸਿਰੇ ਚਾੜਿਆ ਜਾ ਸਕਦਾ ਹੈ।

-: ਸਿਰਦਾਰ ਪ੍ਰਭਦੀਪ ਸਿੰਘ (ਟਾਈਗਰ ਜੱਥਾ)

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top