ਨਾਮ ਜਪਣ ਦੇ ਲਾਭ- ਨਾਮ ਨਾ ਜਪਣ ਦੀ ਹਾਨੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾਮ ਜਪਣ ਦੇ ਲਾਭ
ਸਾਰੇ ਧਰਮਾਂ ਤੋਂ ਉਤਮ ਧਰਮ ਹਰੀ ਦਾ ਨਾਮ ਜਪਣਾ ਤੇ ਨਿਰਮਲ (ਸੁੱਚੇ) ਕਰਮ ਕਰਨਾ ਹੈ। ਸਾਰੀਆਂ ਕਿਰਿਆਵਾਂ ਤੋਂ ਉਤਮ ਕਿਰਿਆ ਸਾਧ ਸੰਗਤ ਰਾਹੀਂ ਦੁਰਮਤ ਦੂਰ ਕਰਨੀ ਹੈ। ਸਾਰੇ ਉਦਮਾਂ ਵਿਚੋਂ ਭਲਾ ਉਦਮ ਹਰੀ ਦਾ ਨਾਮ ਸਦਾ ਜਪੀ ਜਾਣਾ ਹੈ। ਸਾਰੀਆਂ ਬਾਣੀਆਂ ਤੋਂ ਅੰਮ੍ਰਿਤ ਵਰਗੀ ਬਾਣੀ ਰਸਨਾ ਨਾਲ ਹਰੀ ਦਾ ਜਸ ਬਖਾਨਣਾ ਹੈ।ਸਾਰਿਆਂ ਥਾਵਾਂ ਤੋਂ ਉਤਮ ਥਾਂ ਉਹ ਹੈ ਜਿਸ ਸਰੀਰ ਵਿਚ ਹਰ ਨਾਮ ਵਸਦਾ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥ ੮ ॥ ੩ ॥ (ਪੰਨਾ ੨੬੬)
ਨਾਮ ਰਸ ਪਾਉਣ ਵਾਲਾ ਅਮਰ ਹੋ ਜਾਂਦਾ ਹੈ:
ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥ (ਪੰਨਾ ੧੦੧)
ਸਚੇ ਸਬਦ (ਨਾਮ) ਨਾਲ ਸੱਚੀ ਇਜ਼ਤ ਬਣਦੀ ਹੈ। ਨਾਮ ਬਿਨਾ ਕਿਸੇ ਦੀ ਮੁਕਤੀ ਨਹੀਂ ਹੁੰਦੀ। ਸਤਿਗੁਰੂ ਬਿਨਾ ਨਾਮ ਨਹੀਂ ਮਿਲਦਾ ਇਹ ਸਭ ਬਣਤ ਵਾਹਿਗੁਰੂ ਦੀ ਬਣਾਈ ਹੋਈ ਹੈ; 
ਸਚੈ ਸਬਦਿ ਸਚੀ ਪਤਿ ਹੋਈ ॥ ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥ ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥ ੯ ॥ (ਪੰਨਾ ੧੦੪੬)
ਪ੍ਰਭੂ ਨੂੰ ਸਿਮਰਿਆਂ ਮਨ ਦੀ ਮੈਲ ਲੱਥ ਜਾਂਦੀ ਹੈ ਤੇ ਅੰਮ੍ਰਿਤ ਨਾਮ ਹਿਰਦੇ ਵਿਚ ਸਮਾ ਜਾਂਦਾ ਹੈ:
ਪ੍ਰਭ ਕੈ ਸਿਮਰਿਨ ਮਨ ਕੀ ਮਲੁ ਜਾਇ।।ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ।। (ਮ: ੫, ਪੰਨਾ ੨੬੩)
ਨਾਮ ਚਿਤ ਵਿਚ ਵਸਾਇਆਂ ਮਾਇਆ ਦਾ ਬੰਧਨ ਛੁੱਟ ਜਾਂਦਾ ਹੈ:
ਨਾਨਕ ਨਾਮੁ ਸਮਾਲਿ ਤੂ ਬਧਾ ਛੂਟਹਿ ਜਿਤੁ।। (ਪੰਨਾ ੭੨੯)
ਜੋ ਕ੍ਰੋੜਾਂ ਵਹਿਣਾਂ ਤੋਂ ਨਹੀਂ ਛੁਟਦੇ ਉਹ ਨਾਮ ਜਪਿਆਂ ਪਾਰ ਪਹੁੰਚ ਜਾਂਦੇ ਹਨ। ਅਨੇਕਾਂ ਰੁਕਾਵਟਾਂ ਜਿਸਨੂੰ ਮਾਰਨ ਤਕ ਜਾਂਦੀਆਂ ਹਨ ਉਸਨੂੰ ਹਰੀ ਦਾ ਨਾਮ ਇਕ ਦਮ ਆ ਬਚਾਉਂਦਾ ਹੈ। ਜੋ ਅਨੇਕ ਜੂਨਾਂ ਵਿਚ ਜਨਮ ਮਰਨ ਤੇ ਯਮ ਦੇ ਚਕਰ ਵਿਚ ਪਏ ਹੁੰਦੇ ਹਨ ਨਾਮ ਜਪਦਿਆਂ ਹੀ ਉਨ੍ਹਾਂ ਨੂੰ ਆਉਣ ਜਾਣਦੇ ਚੱਕਰਾਂ ਤੋਂ ਵਿਸ਼ਰਾਮ ਮਿਲਦਾ ਹੈ।ਬੰਦਾ ਅਪਣੇ ਅੰਦਰ ਦੀ ਮੈਲ ਤੇ ਮਲ ਕਦੇ ਨਹੀਂ ਧੋਂਦਾ, ਹਰੀ ਦਾ ਨਾਮ ਕ੍ਰੋੜਾਂ ਪਾਪਾਂ ਤੋਂ ਵੀ ਛੁਟਕਾਰਾ ਦਿਵਾ ਦਿੰਦਾ ਹੈ। ਗੁਰੁ ਅਜਿਹਾ ਨਾਮ ਜਪਣ ਵਿਚ ਮਨ ਰੰਗ ਲਉ ਗੁਰੂ ਜੀ ਫੁਰਮਾਉਂਦੇ ਹਨ ਇਹ ਨਾਮ ਸਾਧੂ ਪੁਰਸ਼ਾਂ ਦੇ ਸੰਗ ਵਿਚ ਹੀ ਮਿਲਦਾ ਹੈ:
ਛੂਟਤ ਨਹੀ ਕੋਟਿ ਲਖ ਬਾਹੀ ॥ ਨਾਮੁ ਜਪਤ ਤਹ ਪਾਰਿ ਪਰਾਹੀ ॥ ਅਨਿਕ ਬਿਘਨ ਜਹ ਆਇ ਸੰਘਾਰੈ ॥ ਹਰਿ ਕਾ ਨਾਮੁ ਤਤਕਾਲ ਉਧਾਰੈ ॥ ਅਨਿਕ ਜੋਨਿ ਜਨਮੈ ਮਰਿ ਜਾਮ ॥ ਨਾਮੁ ਜਪਤ ਪਾਵੈ ਬਿਸ੍ਰਾਮ ॥ ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥ ਐਸਾ ਨਾਮੁ ਜਪਹੁ ਮਨ ਰੰਗਿ ॥ ਨਾਨਕ ਪਾਈਐ ਸਾਧ ਕੈ ਸੰਗਿ ॥ ੩ ॥ (ਪੰਨਾ ੨੬੪)
ਹਰੀ ਦਾ ਨਾਮ ਜੀਵ ਦੀ ਮੁਕਤੀ ਦੀ ਜੁਗਤੀ ਹੈ ਤ੍ਰਿਪਤੀ ਹੈ, ਜੀਵ ਤੇ ਰੂਪ ਰੰਗ ਚੜਾਉਂਦੀ ਹੈ ਤੇ ਹਰੀ ਦਾ ਨਾਮ ਜਪਣ ਲੱਗੇ ਕਦੇ ਰੁਕਾਵਟ ਨਹੀਂ ਆਉਂਦੀ, ਜਨ ਦੀ ਵਡਿਆਈ ਹੁੰਦੀ ਹੈ ਤੇ ਉਹ ਸੋਭਾ ਪਾਉਂਦਾ ਹੈ, ਰਬ ਨਾਲ ਮਿਲਣ ਦੇ ਯੋਗ ਦਾ ਭੋਗ ਲਗਦਾ ਹੈ ਤੇ ਫਿਰ ਕਦੇ ਵਿਛੋੜਾ ਨਹੀਂ ਸਹਿਣਾ ਪੈਂਦਾ। ਜਿਸ ਨੇ ਵੀ ਹਰੀ ਦੇ ਨਾਮ ਦi ਸੇਵਾ ਵਿਚ ਉਸ ਨੂੰ ਜਪਿਆ ਹੈ ਗੁਰੂ ਜੀ ਫੁਰਮਾਉਂਦੇ ਹਨ ਉਸ ਨੂੰ ਦੇਵੀ ਦੇਵਤਾ ਵੀ ਪੂਜਦੇ ਹਨ:
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥ ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ ਹਰਿ ਕਾ ਨਾਮੁ ਜਨ ਕੀ ਵਡਿਆਈ ॥ ਹਰਿ ਕੈ ਨਾਮਿ ਜਨ ਸੋਭਾ ਪਾਈ ॥ ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥ ਜਨੁ ਰਾਤਾ ਹਰਿ ਨਾਮ ਕੀ ਸੇਵਾ ॥ ਨਾਨਕ ਪੂਜੈ ਹਰਿ ਹਰਿ ਦੇਵਾ ॥ ੬ ॥ (ਪੰਨਾ ੨੬੪-੨੬੫)
ਹਰੀ ਦਾ ਨਾਮ ਭਵ ਸਾਗਰੋਂ ਪਾਰ ਬ੍ਰਿਛ ਹੈ ਤੇ ਹਰੀ ਦੇ ਗੁਣ ਗਾਉਣ ਨਾਲ ਕਾਮਧੇਨ ਜਿਉਂ ਹਰ ਇਛਾ ਪੂਰਨ ਦੀ ਸਮਰਥਾ ਹੋ ਜਾਂਦੀ ਹੈ। ਹਰੀ ਦੀ ਕਥਾ ਸਭ ਤੋਂ ਉਤਮ ਹੈ, ਨਾਮ ਸੁਣਿਆਂ ਸਾਰੇ ਦੁੱਖ ਦਰਦ ਲਹਿ ਜਾਂਦੇ ਹਨ । ਸੰਤਪੁਰਸ਼ ਦੇ ਹਿਰਦੇ ਵਿਚ ਨਾਮ ਦੀ ਮਹਿਮਾ ਵਸਦੀ ਹੈ, ਸੰਤ ਪ੍ਰਤਾਪ ਨਾਲ ਸਬ ਬੁਰੀ ਮਤ ਦੂਰ ਹੋ ਜਾਂਦੀ ਹੈ। ਅਜਿਹੇ ਸੰਤ ਦਾ ਸੰਗ ਵੱਡੇ ਭਾਗਾਂ ਨਾਲ ਮਿਲਦਾ ਸੋ ਸੰਤ ਦੀ ਸੇਵਾ ਕਰਦਿਆਂ ਨਾਮ ਧਿਆਏ ਜਾਓ ਕਿਉਂਕਿ ਨਾਮ ਬਰਾਬਰ ਹੋਰ ਕੁਝ ਨਹੀਂ।ਗੁਰੂ ਜੀ ਫੁਰਮਾਉਂਦੇ ਹਨ ਕਿ ਨਾਮ ਕੋਈ ਗੁਰਮੁਖ ਜਨ ਹੀ ਪਾਉਂਦਾ ਹੈ:
ਪਾਰਜਾਤੁ ਇਹੁ ਹਰਿ ਕੋ ਨਾਮ ॥ ਕਾਮਧੇਨ ਹਰਿ ਹਰਿ ਗੁਣ ਗਾਮ ॥ ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥ ਨਾਮ ਕੀ ਮਹਿਮਾ ਸੰਤ ਰਿਦ ਵਸੈ ॥ ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥ ਸੰਤ ਕਾ ਸੰਗੁ ਵਡਭਾਗੀ ਪਾਈਐ ॥ ਸੰਤ ਕੀ ਸੇਵਾ ਨਾਮੁ ਧਿਆਈਐ ॥ ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥ ੮ ॥ ੨ ॥ (ਪੰਨਾ ੨੬੫)
ਵਾਹਿਗੁਰੂ ਦਾ ਸਿਮਰਨ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਸੁੱਖ ਦੇਣ ਵਾਲਾ ਹੈ, ਇਸ ਲਈ ਹਮੇਸ਼ਾ ਅਕਾਲ ਪੁਰਖ ਦਾ ਨਾਮ ਸਿਮਰੋ। ਨਾਮ ਸਿਮਰਨ ਸਦਕਾ ਚਿਰਾਂ ਤੋਂ ਕੀਤੇ ਪਾਪ ਵੀ ਮਿਟ ਸਕਦੇ ਹਨ, ਸਾਧ ਸੰਗਤ ਵਿਚ ਮਿਲਕੇ ਸਿਮਰਨ ਕਰਨ ਨਾਲ ਆਤਮਕ ਮੌਤੇ ਮਰਿਆ ਮਨੁਖ ਵੀ ਦੁਬਾਰਾ ਜੀਵਨ ਹਾਸਲਕਰ ਸਕਦਾ ਹੈ।
ਧਨਾਸਰੀ ਮਹਲਾ ੫ ॥ ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥ ੧ ॥ (ਮ. ੫, ਪੰਨਾ ੬੮੩)
ਜਿਨ੍ਹਾਂ ਅੰਦਰ ਨਾਮ ਦਾ ਖਜ਼ਾਨਾ ਹੈ ਉਹ ਗੁਰਬਾਣੀ ਵਿਚਾਰਦੇ ਹਨ। ਸਚੇ ਦੇ ਦਰਬਾਰ ਉਨ੍ਹਾਂ ਦੇ ਮੁਖੜਿਆਂ ਤੇ ਪਵਿਤਰਤਾ ਝਲਕਦੀ ਹੈ, ਚਿਹਰੇ ਦਗ ਦਗ ਕਰਦੇ ਹਨ। ਬੈਠਦੇ ਉਠਦੇ ਉਨ੍ਹਾਂ ਨੂੰ ਨਾਮ ਕਦੇ ਨਹੀਂ ਵਿਸਰਦਾ ਜੋ ਬਖਸ਼ਿਸ਼ ਪ੍ਰਮਾਤਮਾ ਤੋਂ ਮਿਲਦੀ ਹੈ। ਜਦ ਸਿਰਜਣਹਾਰ ਕਰਤਾਰ ਗੁਰਮੁਖਾਂ ਨੂੰ ਆਪ ਮੇਲਦਾ ਹੈ ਤਾਂ ਉਹ ਕਦੇ ਵੀ ਨਹੀਂ ਵਿਛੜਦੇ।ਗੁਰੂਾ ਪੀਰਾਂ ਦੀ ਚਾਕਰੀ ਲੋਹਾ ਚਬਣ ਵਾਂਗ ਕਰੜੀ ਹੈ। ਜਿਸ ਤੇ ਉਹ ਅਪਣੀ ਨਦਰ ਮਿਹਰ ਕਰਦਾ ਹੈ ਉਸੇ ਦੇ ਮਨ ਵਿਚ ਹੀ ਪਰਮਾਤਮਾ ਦਾ ਪਿਆਰ ਉਪਜਦਾ ਹੈ। ਸਚੇ ਸਤਿਗੁਰ ਦੀ ਸੇਵਾ ਵਿਚ ਲਗੇ ਸੰਸਾਰ ਭਉਜਲ ਨੂੰ ਪਾਰ ਕਰ ਜਾਂਦੇ ਹਨ। ਉਨ੍ਹਾਂ ਮੂੰਹ ਮੰਗਿਆ ਫਲ ਮਿਲਦਾ ਹੈ ਤੇ ਅੰਦਰ ਵਿਵੇਕ ਬੁਧੀ ਦੇ ਵਿਚਾਰ ਜਨਮਦੇ ਹਨ ।ਗੁਰੂ ਜੀ ਫੁਰਮਾਉਂਦੇ ਹਨ ਕਿ ਸਤਿਗੁਰ ਮਿਲੇ ਤੇ ਹੀ ਪ੍ਰਭ ਪਾਈਦਾ ਹੈ ਜੋ ਸਾਰੇ ਦੁੱਖ ਨਿਵਾਰਣਹਾਰ ਹੈ:
ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥ ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥ ੧੫ ॥ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥ ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥ ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥ ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥ ੧੬ ॥ (ਪੰਨਾ ੧੩੨੨)
ਮਾਤਾ, ਪਿਤਾ, ਪੁੱਤਰ, ਮਿਤਰ ਜਾਂ ਭਾਈ ਅੰਤ ਵੇਲੇ ਮਦਦਗਾਰ ਨਹੀਂ ਹੋਣੇ, ਉਥੇ ਤਾਂ ਵਾਹਿਗੁਰੂ ਦਾ ਨਾਮ ਹੀ ਸਹਾਈ ਹੋਵੇਗਾ। ਜਦ ਵੱਡੇ ਭਿਆਨਕ ਜਮਦੂਤ ਤੈਨੂੰ ਦਰੜਣਗੇ ਉਥੇ ਵਾਹਿਗੁਰੂ ਦਾ ਨਾਮ ਹੀ ਤੇਰਾ ਸੰਗੀ ਸਹਾਈ ਹੋਵੇਗਾ।ਜਦ ਵੀ ਕੋਈ ਬਹੁਤ ਵੱਡੀ ਮੁਸੀਬਤ ਆਣ ਪਵੇਗੀ ਹਰੀ ਦਾ ਨਾਮ ਪਲ ਵਿਚ ਤੇਰਾ ਉਧਾਰ ਕਰ ਦੇਵੇਗਾ, ਪਾਰ ਉਤਾਰਾ ਕਰੇਗਾ। ਅਨੇਕਾਂ ਪੁੰਨ ਸੇਵਾ ਕਰਕੇ ਵੀ ਤਰਿਆ ਨਹੀਂ ਜਾਂਦਾ, ਸਿਰਫ ਹਰੀ ਦਾ ਨਾਮ ਹੀ ਸਾਰੇ ਪਾਪ ਦੂਰ ਕਰੇਗਾ। ਹੇ ਮਨ! ਗੁਰੂ ਦੀ ਸਿਖਿਆ ਅਨੁਸਾਰ ਨਾਮ ਜਪ ਤਾਂ ਤੂੰ ਬਹੁਤ ਸੁੱਖ ਪਾਵੇਂਗਾ।
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹਿ ਕਰਤ ਨਹੀ ਤਰੈ ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥ ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥ ੧ ॥ (ਪੰਨਾ ੨੬੪)
ਸਾਰੀ ਦੁਨੀਆ ਦਾ ਰਾਜਾ ਵੀ ਹੋਵੇ ਤਾਂ ਵੀ ਉਹ ਦੁਖੀ ਹੋਵੇਗਾ, ਹਰੀ ਦਾ ਨਾਮ ਜਪਣ ਨਾਲ ਹੀ ਉਹ ਸੁਖੀ ਰਹਿ ਸਕਦਾ ਹੈ। ਲੱਖ ਕ੍ਰੋੜ ਪਾਰ ਲੰਘਾਣ ਲਈ ਭਵ-ਸਾਗਰ ਤੇ ਬੰਨ੍ਹ ਨਹੀਂ ਬਣ ਸਕਦੇ ਇਹ ਤਾਂ ਹਰੀ ਦਾ ਨਾਮ ਲਿਆਂ ਹੀ ਤਰਿਆ ਜਾ ਸਕਦਾ ਹੈ।ਮਾਇਆ ਕਿਤਨੀ ਵੀ ਹੋਵੇ ਉਸ ਨਾਲ ਪਿਆਸ ਨਹੀਂ ਬੁਝਦੀ, ਹਰੀ ਦਾ ਨਾਮ ਹੀ ਪਿਆਸ ਮਿਟਾ ਸਕਦਾ ਹੈ। ਅਗਲੇ ਰਾਹ ਤਾਂ ਪ੍ਰਾਣੀ ਨੇ ਇਕੱਲੇ ਹੀ ਜਾਣਾ ਹੈ, ਉਥੇ ਤਾਂ ਹਰੀ ਦੇ ਨਾਮ ਨੇ ਹੀ ਸਹਾਈ ਹੋਣਾ ਹੈ। ਅਜਿਹਾ ਨਾਮ ਮਨ ਵਿਚ ਹਮੇਸ਼ਾ ਧਿਆਈਏ ਜਿਸ ਨਾਲ ਗੁਰੂ ਦੀ ਸਿਖਿਆ ਪ੍ਰਾਪਤ ਕਰਨ ਵਾਲਾ ਪਰਮਗਤ ਪਾਉਂਦਾ ਹੈ।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ ॥ ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥ ਐਸਾ ਨਾਮੁ ਮਨ ਸਦਾ ਧਿਆਈਐ ॥ ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥ ੨ ॥ (ਪੰਨਾ ੨੬੪)
ਵਾਹਿਗੁਰੂ ਆਪੇ ਸਭ ਨੂੰ ਸੇਵਾ ਲਾਉਂਦਾ ਹੈ ਤੇ ਆਪੇ ਸਭ ਨੂੰ ਬਖਸ਼ਿਸ਼ ਕਰਦਾ ਹੈ। ਉਹੀ ਸਭਨਾਂ ਦਾ ਮਾਂ ਪਿਉ ਹੈ ਤੇ ਸਾਰਿਆਂ ਦੀ ਸਾਰ ਖਬਰ ਰਖਦਾ ਹੈ। ਗੁਰੂ ਜੀ ਫੁਰਮਾਉਂਦੇ ਹਨ: ਜੋ ਉਸ ਦਾ ਨਾਮ ਧਿਆਉਂਦੇ ਹਨ ਉਹ ਉਸ ਦੇ ਦਿਲ ਵਸ ਜਾਂਦਾ ਹੈ ਤੇ ਉਸ ਦੀ ਯੁਗ ਯੁਗ ਸੋਭਾ ਹੁੰਦੀ ਹੈ:
ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥ ੨ ॥ (ਪੰਨਾ ੬੫੩)
ਬੜੇ ਸ਼ਾਸ਼ਤਰ, ਸਿਮ੍ਰਤੀਆਂ ਢੰਢੋਲ ਵੇਖੇ ਪਰ ਜੇ ਹਰੀ ਦਾ ਨਾਮ ਨਹੀਂ ਜਪਿਆ ਤਾਂ ਸਭ ਬੇਫਾਇਦਾ। ਗੁਰੂ ਜੀ ਫੁਰਮਾਉਂਦੇ ਹਨ ਨਾਮ ਅਮੋਲ ਹੈ। ਜਾਪ, ਤਾਪ, ਗਿਆਨ, ਧਿਆਨ , ਛੇ ਸ਼ਾਸ਼ਤਰ, ਸਿਮ੍ਰਤੀਆਂ, ਯੋਗ ਅਭਿਆਸ, ਕਰਮ ਧਰਮ-ਕਿਰਿਆ ਸਾਰੇ ਤਿਆਗੇ, ਜੰਗਲਾਂ ਵਿਚ ਭਟਕਿਆ, ਬੜੀ ਤਰ੍ਹਾਂ ਦੇ ਯਤਨ ਕੀਤੇ, ਪੁੰਨ ਦਾਨ ਹੋਮ ਬੜੇ ਕੀਤੇ, ਸਰੀਰ ਕਟਾ ਕੇ ਹੋਮ ਵੀ ਚਾੜ੍ਹਿਆ ਭਾਵ ਬਲੀ ਦਿਤੀ, ਬੜੀ ਤਰ੍ਹਾਂ ਵਰਤ ਤੇ ਨੇਮ ਕੀਤੇ ਪਰ ਜੇ ਨਾਮ ਦੀ ਵੀਚਾਰ ਨਹੀਂ ਕੀਤੀ ਤਾਂ ਸਭ ਵਿਅਰਥ।ਗੁਰੂ ਜੀ ਫੁਰਮਾਉਂਦੇ ਹਨ ਇਕ ਵਾਰ ਵੀ ਨਾਮ ਜਪਿਆਂ ਇਸ ਸਭ ਤੋਂ ਉਤੇ ਹੈ:
ਸਲੋਕੁ ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥ ੧ ॥ (ਪੰਨਾ ੨੬੫)
ਅਸਟਪਦੀ ॥ ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥ ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀੰ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥ ੧ ॥(ਪੰਨਾ ੨੬੫)
ਹੇ ਨਿਰਗੁਣਿਆਰੇ ਬਾਲੜੇ ਉਸ ਪ੍ਰਭੂ ਨੂੰ ਅਪਣੇ ਮਨ ਵਿਚ ਹਮੇਸ਼ਾ ਸੰਭਾਲ।ਜਿਸ ਨੇ ਤੈਨੂੰ ਰਚਿਆ ਹੈ ਉਸ ਨੂੰ ਚਿੱਤ ਵਿਚ ਰੱਖ ਅਖੀਰ ਤਕ ਉਸੇ ਨੇ ਹi ਸਾਥ ਪੁਗਾਉਣਾ ਹੈ:
ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥ ੧ ॥ 
ਜੋ ਮੁਖੋਂ ਪ੍ਰਮਾਤਮਾ ਨੂੰ ਸਦਾ ਸਲਾਹੁੰਦੇ ਰਹਿੰਦੇ ਹਨ ਉਨ੍ਹਾਂ ਦੇ ਰੱਬ ਦੇ ਦਰਬਾਰ ਵਿਚ ਮੁਖੜੇ ਸਾਫ ਲਿਸ਼ਕਦੇ ਹਨ:
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥ ੨ ॥ (ਪੰਨਾ ੪੭੩)
ਚੁਰਾਸੀ ਲੱਖ ਜੂਨਾਂ ਵਿਚ ਭਟਕਦੇ ਨੂੰ ਦੁਰਲਭ ਮਾਨਸ ਜਨਮ ਮਿਲਿਆ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਮਨ ਵਿਚ ਨਾਮ ਸੰਭਾਲ (ਜਪ) ਕਿਉਂਕਿ ਇਹ ਜੀਵਨ ਜ਼ਿਆਦਾ ਦਿਨ ਨਹੀਂ ਰਹਿਣਾ:
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥ ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ।।੪ ॥ ੨੨ ॥ ੯੨ ॥ (ਪੰਨਾ ੫੦)
ਗੁਰੂ ਜੀ ਫੁਰਮਾਉਂਦੇ ਹਨ: ਹੇ ਪ੍ਰਾਣੀ ਰਾਮ ਦੇ ਗੁਣ ਚਿਤ ਵਿਚ ਧਾਰ। ਸਮਝ ਕਿ ਜੋ ਸਭ ਦਿਸਦਾ ਹੈ ਇਸ ਦਾ ਮੂਲ ਕੀ ਹੈ, ਜਿਸ ਨੇ ਤੈਨੂੰ ਸਾਜਿਆ, ਸੰਵਾਰਿਆ ਤੇ ਸਾਰੇ ਸ਼ੰਗਾਰ ਕੀਤੇ, ਜਿਸ ਨੇ ਤੈਨੂੰ ਗਰਭ ਜੂਨੀ ਦੀ ਅਗਨੀ ਵਿਚੋਂ ਬਾਹਰ ਲਿਆਂਦਾ, ਬਾਲ ਅਵਸਥਾ ਵਿਚ ਦੁਧ ਪਿਆਲਿਆ, ਜਵਾਨੀ ਵਿਚ ਭੋਜਨ, ਸੁੱਖ ਤੇ ਅਕਲ ਦਿਤੀ। ਜਦ ਬੁਢਾਪਾ ਆਇਆ ਤਾਂ ਤੇਰੀ ਦੇਖ ਭਾਲ ਲਈ ਰਿਸ਼ਤੇਦਾਰ ਦਿਤੇ ਜੋ ਖਾਣਾ ਤੇਰੇ ਮੂੰਹ ਵਿਚ ਪਾਉਣ ਤਕ ਗਏ।ਹੇ ਨਿਰਗੁਣਿਆਰੇ ਤੂੰ ਪਰਮਾਤਮਾਂ ਦਾ ਕੋਈ ਗੁਣ ਨਹੀਂ ਜਾਣਿਆ।ਗੁਰੂ ਜੀ ਫੁਰਮਾਉਂਦੇ ਹਨ ਕਿ ਤੈਨੂੰ ਪਰਮਾਤਮਾ ਦੀ ਬਖਸ਼ਿਸ਼ ਹੀ ਬਚਾ ਸਕਦੀ ਹੈ।
ਅਸਟਪਦੀ ॥ ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥ ਬਿਰਧਿ ਭਇਆ ਊਪਰਿ ਸਾਕ ਸੈਨ ॥ ਮੁਖਿ ਅਪਿਆਉ ਬੈਠ ਕਉ ਦੈਨ ॥ ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥ ੧ ॥ ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥ ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ ਸੁਖਦਾਈ ਪਵਨੁ ਪਾਵਕੁ ਅਮੁਲਾ ॥ ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥ ਐਸੇ ਦੋਖ ਮੂੜ ਅੰਧ ਬਿਆਪੇ ॥ ਨਾਨਕ ਕਾਢਿ ਲੇਹੁ ਪ੍ਰਭ ਆਪੇ ॥ ੨ ॥ (ਪੰਨਾ ੨੬੬-੨੬੭)
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥ ੨ ॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥ ੩ ॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥ ੪ ॥ ੩ ॥ ੫੩ ॥(ਪੰਨਾ ੬੨੧-੬੨੨)
ਸਾਡੇ ਵਡਭਾਗ ਹਨ ਜੋ ਸਾਨੂੰ ਇਹ ਸੋਹਣਾ ਮਨੁਖਾ ਸਰੀਰ ਮਿਲਿਆ ਹੈ।ਮਨੁੱਖ ਲਈ ਅਕਾਲ ਪੁਰਖ ਨੂੰ ਮਿਲਣ ਦਾ ਇਹੋ ਮੌਕਾ ਹੈ।ਜੇਕਰ ਅਕਾਲ ਪੁਰਖ ਨੂੰ ਮਿਲਣ ਦਾ ਕੋਈ ਉਦਮ ਉਪਰਾਲਾ ਨਾ ਕੀਤਾ ਤਾਂ ਹੋਰ ਸਾਰੇ ਕੰਮ ਵਿਅਰਥ ਜਾਣਗੇ ਤੇ ਜਿੰਦ ਨੂੰ ਕੋਈ ਲਾਭ ਨਹੀਂ ਦੇ ਸਕਣਗੇ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਧ ਸੰਗਤ ਵਿਚ ਬੈਠ ਕੈ ਕੇਵਲ ਨਾਮ ਜਪ। ਨਾਮ ਜਪਣ ਦਾ ਸਦਕਾ ਭਵਜਲ ਪਾਰ ਕਰ ਸਕੇਂਗਾ। ਜੇ ਮਾਇਆ ਦੇ ਰੰਗ ਵਿਚ ਰੰਗਿਆ ਰਿਹਾ ਤਾਂ ਤੇਰਾ ਜਨਮ ਬਿਰਥਾ ਜਾਣਾ ਹੈ।ਨਾ ਜਪ ਨਾ ਤਪ ਨਾ ਸੰਜਮ ਨਾ ਧਰਮ ਕਮਾਇਆ ਹੈ ਨਾ ਸਾਧ ਸੰਤਾਂ ਦੀ ਸੇਵਾ ਕੀਤੀ ਹੈ ਨਾ ਹਰੀ ਦਾ ਨਾਮ ਜਪਿਆ ਹੈ।ਸਾਡੇ ਕਰਮ ਨੀਚ ਹਨ ਪਰ ਪਰਮਾਤਮਾ ਦੀ ਸ਼ਰਣ ਵਿਚ ਆ ਗਏ ਹਾਂ ਹੁਣ ਤਾਂ ਉਹ ਆਪ ਹੀ ਰੱਖੇਗਾ।
ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ ੧ ॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥ ੧ ॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰ ਕੀ ਰਾਖਹੁ ਸਰਮਾ ॥ ੨ ॥ ੪ ॥ (ਮ ੫, ਪੰਨਾ ੧੨)
ਨਾਮ ਨ ਜਪੀਏ ਤਾਂ ਕੀ ਘਾਟਾ ਹੈ?
ਹਰ ਭਜਨ ਬਿਨਾ ਕਿਸੇ ਦਾ ਪਾਰ ਉਤਾਰਾ ਨਹੀਂ, ਨਾਮ ਬਿਨਾ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ:
ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥ ੧ ॥ (ਮ.੫, ਪੰਨਾ ੨੧੫)
ਹਰੀ ਦੀ ਸੇਵਾ ਬਿਨਾ ਕੋਈ ਸੁਖ ਨਹੀਂ, ਦੇਵੀ ਪੂਜਕ ਤਾਂ ਆਵਾਗਵਨ ਦੇ ਫੇਰ ਵਿਚ ਪੈ ਜਾਂਦਾ ਹੈ:
ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥ ੩ ॥ (ਮ. ੫, ਪੰਨਾ ੨੧੪)
ਜਿਨ੍ਹਾਂ ਨੇ ਮੁਖ ਤੋਂ ਨਾਮ ਨਹੀਂ ਉਚਾਰਿਆ, ਨਾਮ ਰਸ ਬਿਨਾ ਉਹ ਤਾਂ ਮੂੰਹ ਵਿਚ ਥੁੱਕ ਹੀ ਪਾ ਰਹੇ ਹਨ:
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥ ੧ ॥ ਮਃ ੧ ॥(ਪੰਨਾ ੪੭੩)
ਜਿਸ ਨੂੰ ਵਿਧਾਤਾ ਹੀ ਭੁੱਲ ਗਿਆ ਉਹ ਦਿਨ ਰਾਤ ਜਲਦਾ ਫਿਰਦਾ ਹੈ। ਉਸ ਅਕਿਰਤਘਣ ਨੂੰ ਕੌਣ ਸਹਾਰਾ ਦੇਵੇਗਾ ਉਹ ਤਾਂ ਨਰਕੀਂ ਪਵੇਗਾ:
ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥ ਜਲਤਾ ਫਿਰੈ ਰਹੈ ਨਿਤ ਤਾਤਾ ॥ ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥ ੭ ॥ (ਪੰਨਾ ੧੦੮੬)
ਸਿਮਰਨ ਬਿਨਾ ਸਾਰਾ ਕੀਤਾ ਕਰਾਇਆ ਧ੍ਰਿਗ ਹੈ ਜਿਵੇਂ ਕਾਵਾਂ ਦਾ ਵਿਸ਼ਟੇ ਵਿਚ ਵਾਸਾ ਹੋਵੇ। ਸਿਮਰਨ ਬਿਨਾ ਕੁਤੇ ਕੰਮੀ ਪੈ ਕੇ ਦੇਵੀਪੂਜਕ ਬੇਸਵਾ ਦੇ ਬਿਨਾ-ਕੁਲ-ਨਾਮੇ ਪੁਤਾਂ ਵਾਲੀ ਗਲ ਹੈ:
ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥ ਕਾਗ ਬਤਨ ਬਿਸਟਾ ਮਹਿ ਵਾਸ ॥ ੨ ॥ ਬਿਨੁ ਸਿਮਰਨ ਭਏ ਕੂਕਰ ਕਾਮ ॥ ਸਾਕਤ ਬੇਸੁਆ ਪੂਤ ਨਿਨਾਮ ॥ ੩ ॥ (ਪੰਨਾ ੨੩੯)
ਸਿਮਰਨ ਬਿਨਾ ਤਾਂ ਬੰਦਾ ਉਸ ਬਾਰਾਂ ਸਿੰਘੇ ਵਰਗਾ ਹੈ ਜੋ ਬਾਹਰੋਂ ਸਿੰਘੀ ਭਾਲਦਾ ਭਟਕਦਾ ਫਿਰਦਾ ਹੈ। ਕੂੜ ਬੋਲਣ ਵਾਲੇ ਦੇਵੀਪੂਜਕ ਦਾ ਆਖਰ ਨੂੰ ਮੂੰਹ ਕਾਲਾ ਹੁੰਦਾ ਹੈ। ਸਿਮਰਨ ਵਾਂਗ ਜੀਵ ਭਾਰ ਢੋਣ ਵਾਲੇ ਗਧੇ ਵਰਗਾ ਹੈ।ਦੇਵੀਪੂਜ ਜਿਸ ਥਾਂ ਜਾਂਦਾ ਹੈ ਭਰਿਸ਼ਟ ਕਰਦਾ ਜਾਂਦਾ ਹੈ। ਸਿਮਰਨ ਬਿਨਾ ਜੀਵ ਹਲਕੇ ਕੁੱਤੇ ਵਾਂਗ ਹੈ।ਲੋਭੀ ਦੇਵੀ ਪੂਜਕ ਮਾਇਆ ਨੂੰ ਸੰਭਾਲ ਨਹੀਂ ਸਕਦਾ। ਸਿਮਰਨ ਬਿਨ ਜੀਵਨ ਤਾਂ ਆਤਮ ਘਾਤ ਹੈ।ਦੇਵੀਪੂਜਕ ਨੀਚ ਹੁੰਦਾ ਹੈ ਜਿਸ ਦੀ ਨਾ ਕੋਈ ਕੁਲ ਹੁੰਦੀ ਹੈ ਨਾ ਕੋਈ ਜਾਤ:
ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥ ੪ ॥ ਬਿਨੁ ਸਿਮਰਨ ਗਰਧਭ ਕੀ ਨਿਆਈ ॥ ਸਾਕਤ ਥਾਨ ਭਰਿਸਟ ਫਿਰਾਹੀ ॥ ੫ ॥ ਬਿਨੁ ਸਿਮਰਨ ਕੂਕਰ ਹਰਕਾਇਆ ॥ ਸਾਕਤ ਲੋਭੀ ਬੰਧੁ ਨ ਪਾਇਆ ॥ ੬ ॥ ਬਿਨੁ ਸਿਮਰਨ ਹੈ ਆਤਮ ਘਾਤੀ ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥ ੭ ॥ (ਪੰਨਾ ੨੩੯)
ਅਕਾਲ ਪੁਰਖ ਦੇ ਨਾਮ ਤੋਂ ਬਿਨਾ ਹੋਰ ਦੁਨਿਆਵੀ ਮੋਹ ਤੇ ਪਿਆਰ ਸਭ ਵਿਅਰਥ ਹਨ ਤੇ ਫਿਟਕਾਰਨ ਯੋਗ ਹਨ।ਅਕਾਲ ਪੁਰਖ ਦੀ ਯਾਦ ਤੋਂ ਬਿਨਾ ਸਭ ਖਾਣ, ਪੀਣਾ, ਪਹਿਨਣਾ ਇਵੇਂ ਹੈ ਜਿਵੇਂ ਕੁੱਤਾ ਗੰਦਗੀ ਨੂੰ ਮੂੰਹ ਮਾਰਦਾ ਫਿਰਦਾ ਹੈ।ਅਕਾਲ ਪੁਰਖ ਦਾ ਨਾਮ ਭੁਲਾ ਕੇ ਮਨੁੱਖ ਜਿਤਨੇ ਵੀ ਹੋਰ ਵਿਹਾਰ ਕਰਦਾ ਹੈ ਉਹ ਮੁਰਦੇ ਨੂੰ ਸ਼ਿੰਗਾਰਨ ਵਾਂਗ ਹਨ ਵਿਅਰਥ ਹਨ।ਜੋ ਅਕਾਲ ਪੁਰਖ ਭੁਲਾਕੇ ਦੁਨਿਆਵੀ ਪਦਾਰਥ ਭੋਗਣ ਵਿਚ ਲਗਿਆ ਹੋਇਆ ਹੈ ਉਸ ਨੂੰ ਤਾਂ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ ਪਰ ਦੁਨਿਆਵੀ ਪਦਾਰਥ ਭੋਗਣ ਕਰਕੇ ਸਰੀਰਕ ਰੋਗ ਜ਼ਰੂਰ ਲੱਗ ਜਾਂਦੇ ਹਨ।ਜਿਹੜਾ ਅਕਾਲ ਪੁਰਖ ਦਾ ਨਾਮੁ ਛੱਡ ਕੇ ਹੋਰ ਹੋਰ ਕੰਮ ਕਾਜ ਕਰਦਾ ਰਹਿੰਦਾ ਹੈ, ਉਸ ਦੇ ਆਤਮਕ ਜੀਵਨ ਦਾ ਨਾਸ ਹੋ ਜਾਂਦਾ ਹੈ ਤੇ ਉਸ ਦੇ ਦੁਨੀਆਂ ਵਾਲੇ ਸਾਰੇ ਵਿਖਾਵੇ ਵਿਅਰਥ ਚਲੇ ਜਾਂਦੇ ਹਨ। ਜੋ ਅਕਾਲ ਪੁਰਖ ਦੇ ਨਾਮੁ ਨਾਲ ਪ੍ਰੀਤ ਨਹੀਂ ਜੋੜਦਾ ਉਹ ਕ੍ਰੋੜਾਂ ਹੀ ਮਿਥੇ ਹੋਏ ਧਾਰਮਿਕ ਕੰਮ ਕਰਦਾ ਹੋਇਆ ਵੀ ਸਦਾ ਨਰਕਾਂ ਵਿਚ ਪਿਆ ਰਹਿੰਦਾ ਹੈ। ਜਿਸਨੇ ਵਾਹਿਗੁਰੂ ਨੂੰ ਨਹੀਂ ਸਿਮਰਿਆ ਉਸਦੀ ਹਾਲਤ ਉਸ ਤਰ੍ਹਾਂ ਹੁੰਦੀ ਹੈ, ਜਿਵੇਂ ਕੋਈ ਚੋਰ ਪਾੜ ਲਾਉਂਦਾ ਫੜਿਆ ਜਾਂਦਾ ਹੈ ਤੇ ਫਿਰ ਲੋਕਾਂ ਤੇ ਪੁਲਿਸ ਕੋਲੋਂ ਮਾਰਾਂ ਖਾਂਦਾ ਹੈ ਅਤੇ ਜੇਲ੍ਹ ਵਿਚ ਪਿਆ ਸੜਦਾ ਹੈ ।ਨਾਮ ਨਾ ਜਪਣ ਵਾਲਾ ਬੰਦਾ ਜਮ ਪੁਰੀ ਵਿਚ ਬੱਧਾ ਰਹਿੰਦਾ ਹੈ ਤੇ ਮਨ ਤੇ ਸਰੀਰ ਉਪਰ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ। ਦੁਨੀਆਂ ਵਿਚ ਇਜ਼ਤ ਬਣਾਈ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਵਿਖਾਵੇ, ਉਦਮ ਤੇ ਹੋਰ ਅਨੇਕਾਂ ਤਰ੍ਹਾਂ ਦੇ ਖਿਲਾਰੇ ਸਾਰੇ ਹੀ ਵਾਹਿਗੁਰੂ ਦੇ ਨਾਮੁ ਤੋਂ ਬਿਨਾ ਵਿਅਰਥ ਕਰਮ ਹਨ ਪ੍ਰੰਤੂ ਉਹੀ ਨਾਮ ਸਿਮਰਦਾ ਹੈ ਜਿਸ ਨੂੰ ਅਕਾਲ ਪੁਰਖ ਆਪ ਕਿਰਪਾ ਕਰਦਾ ਹੈ:

ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥ ੧ ॥ ਰਹਾਉ ॥ ਨਾਮ ਬਿਨਾ ਜੋ ਪਹਿਰੈ ਖਾਇ ॥ ਜਿਉ ਕੂਕਰ ਜੂਠਨ ਮਹਿ ਪਾਇ ॥ ੧ ॥ ਨਾਮ ਬਿਨਾ ਜੇਤਾ ਬਿਉਹਾਰੁ ॥ ਜਿਉ ਮਿਰਤਕ ਮਿਥਿਆ ਸੀਗਾਰੁ ॥ ੨ ॥ ਨਾਮੁ ਬਿਸਾਰਿ ਕਰੇ ਰਸ ਭੋਗ ॥ ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥ ੩ ॥ ਨਾਮੁ ਤਿਆਗਿ ਕਰੇ ਅਨ ਕਾਜ ॥ ਬਿਨਸਿ ਜਾਇ ਝੂਠੇ ਸਭਿ ਪਾਜ ॥ ੪ ॥ ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥ ਕੋਟਿ ਕਰਮ ਕਰਤੋ ਨਰਕਿ ਜਾਵੈ ॥ ੫ ॥ ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥ ਚੋਰ ਕੀ ਨਿਆਈ ਜਮ ਪੁਰਿ ਬਾਧਾ ॥ ੬ ॥ ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥ ੭ ॥ ਹਰਿ ਕਾ ਨਾਮੁ ਸੋਈ ਜਨੁ ਲੇਇ ॥ ਕਰਿ ਕਿਰਪਾ ਨਾਨਕ ਜਿਸੁ ਦੇਇ ॥ ੮ ॥ ੧੦ ॥ (ਮ ੫, ਪੰਨਾ ੨੪੦)
ਗੁਰੂ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਤਾਂ ਨੀਚ ਹਨ:
ਨਾਨਕ ਨਾਵੈ ਬਾਝ ਸਨਾਤਿ।। (ਪੰਨਾ ੧੦) 
ਸੌਂਦਿਆਂ ਰਾਤ ਗਵਾ ਦਿਤੀ ਤੇ ਖਾਂਦਿਆਂ ਦਿਨ। ਹੀਰੇ ਵਰਗੇ ਜੀਵਨ ਨੂੰ ਕੌਡੀਆਂ ਭਾਅ ਗੁਆ ਦਿਤਾ। ਰਾਮ ਦਾ ਨਾਮ ਹੀ ਨਹੀਂ ਜਾਣਿਆ; ਹੇ ਬੇਵਕੂਫ ਪਿਛੋਂ ਪਛਤਾਣਾ ਪਵੇਗਾ:
ਗਉੜੀ ਬੈਰਾਗਣਿ ਮਹਲਾ ੧ ॥ ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ ੧ ॥ ਨਾਮੁ ਨ ਜਾਨਿਆ ਰਾਮ ਕਾ ॥ ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥ ੧ ॥ ਰਹਾਉ ॥ (ਪੰਨਾ 
ਜੋ ਲੋਕ ਵੱਡੇ ਦਿਸਦੇ ਹਨ ਉਨ੍ਹਾਂ ਸਭ ਨੂੰ ਚਿੰਤਾ ਦਾ ਰੋਗ ਲੱਗਿਆ ਹੋਇਆ ਹੈ। ਉਨ੍ਹਾਂ ਨੂੰ ਤਾਂ ਮਾਇਆ ਤੇ ਵਡਿਆਈ ਵੱਡੀ ਲਗਦੀ ਹੈ। ਪਰ ਅਸਲੋਂ ਵੱਡਾ ਤਾਂ ਉਹ ਹੈ ਜਿਸ ਨੇ ਨਾਮ ਨਾਲ ਲਿਵ ਲਾਈ ਹੈ। ਜ਼ਿਮੀਦਾਰ ਜ਼ਮੀਨ ਖਾਤਰ ਰੋਜ਼ ਖਪਦਾ ਹੈ। ਦੁਨੀਆਂ ਛੱਡਣ ਤਕ ਤ੍ਰਿਸ਼ਨਾ ਨਹੀਂ ਬੁਝਦੀ। ਗੁਰੂ ਜੀ ਨੇ ਵਿਚਾਰ ਕੇ ਇਹ ਤਤ ਕਢਿਆ ਹੈ ਕਿ ਭਜਨ ਬਿਨਾ ਛੁਟਕਾਰਾ ਨਹੀਂ:
ਗਉੜੀ ਮਹਲਾ ੫ ॥ ਵਡੇ ਵਡੇ ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ ਚਿੰਤਾ ਰੋਗ ॥ ੧ ॥ ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥ ੧ ॥ ਰਹਾਉ ॥ ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥ ੨ ॥ ਕਹੁ ਨਾਨਕ ਇਹੁ ਤਤੁ ਬੀਚਾਰਾ ॥ ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥ ੩ ॥ ੪੪ ॥ (ਮ. ੫, ਪੰਨਾ ੧੮੮)
ਵੱਡੇ ਭਾਗਾਂ ਨਾਲ ਮਨੁਖਾ ਦੇਹੀ ਪਾਈ ਹੈ। ਨਾਮ ਨਾ ਜਪਣਾ ਤਾਂ ਆਤਮ ਘਾਤ ਕਰਨ ਵਾਂਗ ਹੈ।ਜਿਨ੍ਹਾਂ ਨੂੰ ਨਾਮ ਭੁੱਲ ਗਿਆ ਅਜਿਹਿਆਂ ਦਾ ਜੀਣਾ ਮਰਿਆਂ ਵਰਗਾ ਹੈ। ਨਾਮ ਬਿਨਾ ਜੀਵਨ ਦਾ ਕੋਈ ਮਤਲਬ ਨਹੀਂ:
ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥ ੧ ॥ ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ ਨਾਮ ਬਿਹੂਨ ਜੀਵਨ ਕਉਨ ਕਾਮ ॥ ੧ ॥ (ਮ.੫, ਪੰਨਾ ੧੮੮)
ਜਿਵੇਂ ਦਾਣਿਆਂ ਤੋਂ ਬਿਨਾ ਖਾਲੀ ਛਿਲੜ ਕਿਸੇ ਕੰਮ ਨਹੀਂ ਆਉਂਦੇ ਉਹ ਮੂੰਹ ਸੁੰਨੇ ਹਨ ਜੋ ਨਾਮ ਨਹੀਂ ਜਪਦੇ।ਇਸ ਲਈ ਮਨੁਖ ਨੂੰ ਹਰੀ ਦਾ ਨਾਮ ਜਪਣਾ ਚਾਹੀਦਾ ਹੈ। ਨਾਮ ਬਿਨਾ ਬੇਗਾਨੀ ਦੇਹ ਧ੍ਰਿਗ ਹੈ ਤੇ ਮਥੇ ਤੇ ਭਾਗ ਨਹੀਂ ਚਮਕਦਾ। ਭਗਤੀ ਬਿਨਾ ਮੀਤ ਮਿਲਣ ਕੇਹਾ? ਜੀਵ ਰੂਪੀ ਨਾਰੀ ਸੁਹਾਗਣ ਕਿਵੇਂ? ਨਾਮ ਭੁਲਾ ਕੇ ਜੋ ਹੋਰ ਸੁਆਦਾਂ ਵਿਚ ਜੁੜਿਆ ਹੈ ਉਸ ਦੀ ਕੋਈ ਵੀ ਇਛਾ ਪੂਰੀ ਨਹੀਂ ਹੁੰਦੀ:
ਗਉੜੀ ਮਹਲਾ ੫ ॥ ਕਣ ਬਿਨਾ ਜੈਸੇ ਥੋਥਰ ਤੁਖਾ ॥ ਨਾਮ ਬਿਹੂਨ ਸੂਨੇ ਸੇ ਮੁਖਾ ॥ ੧ ॥ ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥ ੧ ॥ ਰਹਾਉ ॥ ਨਾਮ ਬਿਨਾ ਨਾਹੀ ਮੁਖਿ ਭਾਗੁ ॥ ਭਗਤ ਬਿਹੂਨ ਕਹਾ ਸੋਹਾਗੁ ॥ ੨ ॥ ਨਾਮੁ ਬਿਸਾਰਿ ਲਗੈ ਅਨ ਸੁਆਇ ॥ ਤਾ ਕੀ ਆਸ ਨ ਪੂਜੈ ਕਾਇ ॥ ੩ ॥ (ਪੰਨਾ ੧੯੨)
ਸਾਰੇ ਧਰਮਾਂ ਤੋਂ ਉਤਮ ਧਰਮ ਹਰੀ ਦਾ ਨਾਮ ਜਪਣਾ ਤੇ ਨਿਰਮਲ (ਸੁੱਚੇ) ਕਰਮ ਕਰਨਾ ਹੈ। ਸਾਰੀਆਂ ਕਿਰਿਆਵਾਂ ਤੋਂ ਉਤਮ ਕਿਰਿਆ ਸਾਧ ਸੰਗਤ ਰਾਹੀਂ ਦੁਰਮਤ ਦੂਰ ਕਰਨੀ ਹੈ। ਸਾਰੇ ਉਦਮਾਂ ਵਿਚੋਂ ਭਲਾ ਉਦਮ ਹਰੀ ਦਾ ਨਾਮ ਸਦਾ ਜਪੀ ਜਾਣਾ ਹੈ। ਸਾਰੀਆਂ ਬਾਣੀਆਂ ਤੋਂ ਅੰਮ੍ਰਿਤ ਵਰਗੀ ਬਾਣੀ ਰਸਨਾ ਨਾਲ ਹਰੀ ਦਾ ਜਸ ਬਖਾਨਣਾ ਹੈ।ਸਾਰਿਆਂ ਥਾਵਾਂ ਤੋਂ ਉਤਮ ਥਾਂ ਉਹ ਹੈ ਜਿਸ ਸਰੀਰ ਵਿਚ ਹਰ ਨਾਮ ਵਸਦਾ ਹੈ।ਨਾਮ ਰਸ ਪਾਉਣ ਵਾਲਾ ਅਮਰ ਹੋ ਜਾਂਦਾ ਹੈ।ਸਚੇ ਸਬਦ (ਨਾਮ) ਨਾਲ ਸੱਚੀ ਇਜ਼ਤ ਬਣਦੀ ਹੈ। ਨਾਮ ਬਿਨਾ ਕਿਸੇ ਦੀ ਮੁਕਤੀ ਨਹੀਂ ਹੁੰਦੀ। ਸਤਿਗੁਰੂ ਬਿਨਾ ਨਾਮ ਨਹੀਂ ਮਿਲਦਾ ਇਹ ਸਭ ਬਣਤ ਵਾਹਿਗੁਰੂ ਦੀ ਬਣਾਈ ਹੋਈ ਹੈ। ਪ੍ਰਭੂ ਨੂੰ ਸਿਮਰਿਆਂ ਮਨ ਦੀ ਮੈਲ ਲੱਥ ਜਾਂਦੀ ਹੈ ਤੇ ਅੰਮ੍ਰਿਤ ਨਾਮ ਹਿਰਦੇ ਵਿਚ ਸਮਾ ਜਾਂਦਾ ਹੈ।ਨਾਮ ਚਿਤ ਵਿਚ ਵਸਾਇਆਂ ਮਾਇਆ ਦਾ ਬੰਧਨ ਛੁੱਟ ਜਾਂਦਾ ਹੈ।ਜੋ ਕ੍ਰੋੜਾਂ ਵਹਿਣਾਂ ਤੋਂ ਨਹੀਂ ਛੁਟਦੇ ਉਹ ਨਾਮ ਜਪਿਆਂ ਪਾਰ ਪਹੁੰਚ ਜਾਂਦੇ ਹਨ। ਅਨੇਕਾਂ ਰੁਕਾਵਟਾਂ ਜਿਸਨੂੰ ਮਾਰਨ ਤਕ ਜਾਂਦੀਆਂ ਹਨ ਉਸਨੂੰ ਹਰੀ ਦਾ ਨਾਮ ਇਕ ਦਮ ਆ ਬਚਾਉਂਦਾ ਹੈ। ਜੋ ਅਨੇਕ ਜੂਨਾਂ ਵਿਚ ਜਨਮ ਮਰਨ ਤੇ ਯਮ ਦੇ ਚਕਰ ਵਿਚ ਪਏ ਹੁੰਦੇ ਹਨ ਨਾਮ ਜਪਦਿਆਂ ਹੀ ਉਨ੍ਹਾਂ ਨੂੰ ਆਉਣ ਜਾਣਦੇ ਚੱਕਰਾਂ ਤੋਂ ਵਿਸ਼ਰਾਮ ਮਿਲਦਾ ਹੈ।ਬੰਦਾ ਅਪਣੇ ਅੰਦਰ ਦੀ ਮੈਲ ਤੇ ਮਲ ਕਦੇ ਨਹੀਂ ਧੋਂਦਾ, ਹਰੀ ਦਾ ਨਾਮ ਕ੍ਰੋੜਾਂ ਪਾਪਾਂ ਤੋਂ ਵੀ ਛੁਟਕਾਰਾ ਦਿਵਾ ਦਿੰਦਾ ਹੈ। ਅਜਿਹਾ ਨਾਮ ਜਪਣ ਵਿਚ ਮਨ ਰੰਗ ਲਉ ਗੁਰੂ ਜੀ ਫੁਰਮਾਉਂਦੇ ਹਨ ਇਹ ਨਾਮ ਸਾਧੂ ਪੁਰਸ਼ਾਂ ਦੇ ਸੰਗ ਵਿਚ ਹੀ ਮਿਲਦਾ ਹੈ।ਹਰੀ ਦਾ ਨਾਮ ਜੀਵ ਦੀ ਮੁਕਤੀ ਦੀ ਜੁਗਤੀ ਹੈ ਤ੍ਰਿਪਤੀ ਹੈ, ਜੀਵ ਤੇ ਰੂਪ ਰੰਗ ਚੜਾਉਂਦੀ ਹੈ ਤੇ ਹਰੀ ਦਾ ਨਾਮ ਜਪਣ ਲੱਗੇ ਕਦੇ ਰੁਕਾਵਟ ਨਹੀਂ ਆਉਂਦੀ, ਜਨ ਦੀ ਵਡਿਆਈ ਹੁੰਦੀ ਹੈ ਤੇ ਉਹ ਸੋਭਾ ਪਾਉਂਦਾ ਹੈ, ਰਬ ਨਾਲ ਮਿਲਣ ਦੇ ਯੋਗ ਦਾ ਭੋਗ ਲਗਦਾ ਹੈ ਤੇ ਫਿਰ ਕਦੇ ਵਿਛੋੜਾ ਨਹੀਂ ਸਹਿਣਾ ਪੈਂਦਾ। ਜਿਸ ਨੇ ਵੀ ਹਰੀ ਦੇ ਨਾਮ ਦੀ ਸੇਵਾ ਵਿਚ ਉਸ ਨੂੰ ਜਪਿਆ ਹੈ ਗੁਰੂ ਜੀ ਫੁਰਮਾਉਂਦੇ ਹਨ ਉਸ ਨੂੰ ਦੇਵੀ ਦੇਵਤਾ ਵੀ ਪੂਜਦੇ ਹਨ।
ਹਰੀ ਦਾ ਨਾਮ ਭਵ ਸਾਗਰੋਂ ਪਾਰ ਬ੍ਰਿਛ ਹੈ ਤੇ ਹਰੀ ਦੇ ਗੁਣ ਗਾਉਣ ਨਾਲ ਕਾਮਧੇਨ ਜਿਉਂ ਹਰ ਇਛਾ ਪੂਰਨ ਦੀ ਸਮਰਥਾ ਹੋ ਜਾਂਦੀ ਹੈ। ਹਰੀ ਦੀ ਕਥਾ ਸਭ ਤੋਂ ਉਤਮ ਹੈ, ਨਾਮ ਸੁਣਿਆਂ ਸਾਰੇ ਦੁੱਖ ਦਰਦ ਲਹਿ ਜਾਂਦੇ ਹਨ । ਸੰਤਪੁਰਸ਼ ਦੇ ਹਿਰਦੇ ਵਿਚ ਨਾਮ ਦੀ ਮਹਿਮਾ ਵਸਦੀ ਹੈ, ਸੰਤ ਪ੍ਰਤਾਪ ਨਾਲ ਸਭ ਬੁਰੀ ਮਤ ਦੂਰ ਹੋ ਜਾਂਦੀ ਹੈ। ਅਜਿਹੇ ਸੰਤ ਦਾ ਸੰਗ ਵੱਡੇ ਭਾਗਾਂ ਨਾਲ ਮਿਲਦਾ ਸੋ ਸੰਤ ਦੀ ਸੇਵਾ ਕਰਦਿਆਂ ਨਾਮ ਧਿਆਈੇ ਜਾਓ ਕਿਉਂਕਿ ਨਾਮ ਬਰਾਬਰ ਹੋਰ ਕੁਝ ਨਹੀਂ।ਗੁਰੂ ਜੀ ਫੁਰਮਾਉਂਦੇ ਹਨ ਕਿ ਨਾਮ ਕੋਈ ਗੁਰਮੁਖ ਜਨ ਹੀ ਪਾਉਂਦਾ ਹੈ।
ਸਾਰੀ ਦੁਨੀਆ ਦਾ ਰਾਜਾ ਵੀ ਹੋਵੇ ਤਾਂ ਵੀ ਉਹ ਦੁਖੀ ਹੋਵੇਗਾ, ਹਰੀ ਦਾ ਨਾਮ ਜਪਣ ਨਾਲ ਹੀ ਉਹ ਸੁਖੀ ਰਹਿ ਸਕਦਾ ਹੈ। ਲੱਖ ਕ੍ਰੋੜ ਪਾਰ ਲੰਘਾਣ ਲਈ ਭਵ-ਸਾਗਰ ਤੇ ਬੰਨ੍ਹ ਨਹੀਂ ਬਣ ਸਕਦੇ ਇਹ ਤਾਂ ਹਰੀ ਦਾ ਨਾਮ ਲਿਆਂ ਹੀ ਤਰਿਆ ਜਾ ਸਕਦਾ ਹੈ।ਮਾਇਆ ਕਿਤਨੀ ਵੀ ਹੋਵੇ ਉਸ ਨਾਲ ਪਿਆਸ ਨਹੀਂ ਬੁਝਦੀ, ਹਰੀ ਦਾ ਨਾਮ ਹੀ ਪਿਆਸ ਮਿਟਾ ਸਕਦਾ ਹੈ। ਅਗਲੇ ਰਾਹ ਤਾਂ ਪ੍ਰਾਣੀ ਨੇ ਇਕੱਲੇ ਹੀ ਜਾਣਾ ਹੈ, ਉਥੇ ਤਾਂ ਹਰੀ ਦੇ ਨਾਮ ਨੇ ਹੀ ਸਹਾਈ ਹੋਣਾ ਹੈ। ਅਜਿਹਾ ਨਾਮ ਮਨ ਵਿਚ ਹਮੇਸ਼ਾ ਧਿਆਈਏ ਜਿਸ ਨਾਲ ਗੁਰੂ ਦੀ ਸਿਖਿਆ ਪ੍ਰਾਪਤ ਕਰਨ ਵਾਲਾ ਪਰਮਗਤ ਪਾਉਂਦਾ ਹੈ।
ਜਿਨ੍ਹਾਂ ਅੰਦਰ ਨਾਮ ਦਾ ਖਜ਼ਾਨਾ ਹੈ ਉਹ ਗੁਰਬਾਣੀ ਵਿਚਾਰਦੇ ਹਨ। ਸਚੇ ਦੇ ਦਰਬਾਰ ਉਨ੍ਹਾਂ ਦੇ ਮੁਖੜਿਆਂ ਤੇ ਪਵਿਤਰਤਾ ਝਲਕਦੀ ਹੈ, ਚਿਹਰੇ ਦਗ ਦਗ ਕਰਦੇ ਹਨ। ਬੈਠਦੇ ਉਠਦੇ ਉਨ੍ਹਾਂ ਨੂੰ ਨਾਮ ਕਦੇ ਨਹੀਂ ਵਿਸਰਦਾ ਜੋ ਬਖਸ਼ਿਸ਼ ਪ੍ਰਮਾਤਮਾ ਤੋਂ ਮਿਲਦੀ ਹੈ। ਜਦ ਸਿਰਜਣਹਾਰ ਕਰਤਾਰ ਗੁਰਮੁਖਾਂ ਨੂੰ ਆਪ ਮੇਲਦਾ ਹੈ ਤਾਂ ਉਹ ਕਦੇ ਵੀ ਨਹੀਂ ਵਿਛੜਦੇ।ਗੁਰੂਾ ਪੀਰਾਂ ਦੀ ਚਾਕਰੀ ਲੋਹਾ ਚਬਣ ਵਾਂਗ ਕਰੜੀ ਹੇੈ। ਜਿਸ ਤੇ ਉਹ ਅਪਣੀ ਨਦਰ ਮਿਹਰ ਕਰਦਾ ਹੈ ਉਸੇ ਦੇ ਮਨ ਵਿਚ ਹੀ ਪਰਮਾਤਮਾ ਦਾ ਪਿਆਰ ਉਪਜਦਾ ਹੈ। ਸਚੇ ਸਤਿਗੁਰ ਦੀ ਸੇਵਾ ਵਿਚ ਲਗੇ ਸੰਸਾਰ ਭਉਜਲ ਨੂੰ ਪਾਰ ਕਰ ਜਾਂਦੇ ਹਨ। ਉਨ੍ਹਾਂ ਮੂੰਹ ਮੰਗਿਆ ਫਲ ਮਿਲਦਾ ਹੈ ਤੇ ਅੰਦਰ ਵਿਵੇਕ ਬੁਧੀ ਦੇ ਵਿਚਾਰ ਜਨਮਦੇ ਹਨ ।ਗੁਰੂ ਜੀ ਫੁਰਮਾਉਂਦੇ ਹਨ ਕਿ ਸਤਿਗੁਰ ਮਿਲੇ ਤੇ ਹੀ ਪ੍ਰਭ ਪਾਈਦਾ ਹੈ ਜੋ ਸਾਰੇ ਦੁੱਖ ਨਿਵਾਰਣਹਾਰ ਹੈ ।
ਹਰੀ ਦੇ ਭਜਨ ਬਿਨਾ ਕਿਸੇ ਦਾ ਪਾਰ ਉਤਾਰਾ ਨਹੀਂ, ਨਾਮ ਬਿਨਾ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ।ਹਰੀ ਦੀ ਸੇਵਾ ਬਿਨਾ ਕੋਈ ਸੁਖ ਨਹੀਂ, ਦੇਵੀ ਪੂਜਕ ਤਾਂ ਆਵਾਗਵਨ ਦੇ ਫੇਰ ਵਿਚ ਪੈ ਜਾਂਦਾ ਹੈ।ਜਿਨ੍ਹਾਂ ਨੇ ਮੁਖ ਤੋਂ ਨਾਮ ਨਹੀਂ ਉਚਾਰਿਆ, ਨਾਮ ਰਸ ਬਿਨਾ ਉਹ ਤਾਂ ਮੂੰਹ ਵਿਚ ਥੁੱਕ ਹੀ ਪਾ ਰਹੇ ਹਨ।ਜਿਸ ਨੂੰ ਵਿਧਾਤਾ ਹੀ ਭੁੱਲ ਗਿਆ ਉਹ ਦਿਨ ਰਾਤ ਜਲਦਾ ਫਿਰਦਾ ਹੈ। ਉਸ ਅਕਿਰਤਘਣ ਨੂੰ ਕੌਣ ਸਹਾਰਾ ਦੇਵੇਗਾ ਉਹ ਤਾਂ ਨਰਕੀਂ ਪਵੇਗਾ।ਸਿਮਰਨ ਬਿਨਾ ਸਾਰਾ ਕੀਤਾ ਕਰਾਇਆ ਧ੍ਰਿਗ ਹੈ ਜਿਵੇਂ ਕਾਵਾਂ ਦਾ ਵਿਸ਼ਟੇ ਵਿਚ ਵਾਸਾ ਹੋਵੇ।ਸਿਮਰਨ ਬਿਨਾ ਤਾਂ ਬੰਦਾ ਉਸ ਬਾਰਾਂ ਸਿੰਘੇ ਵਰਗਾ ਹੈ ਜੋ ਬਾਹਰੋਂ ਸਿੰਘੀ ਭਾਲਦਾ ਭਟਕਦਾ ਫਿਰਦਾ ਹੈ।ਸਿਮਰਨ ਵਾਂਗ ਜੀਵ ਭਾਰ ਢੋਣ ਵਾਲੇ ਗਧੇ ਵਰਗਾ ਹੈ।ਦੇਵੀਪੂਜ ਜਿਸ ਥਾਂ ਜਾਂਦਾ ਹੈ ਭਰਿਸ਼ਟ ਕਰਦਾ ਜਾਂਦਾ ਹੈ। ਸਿਮਰਨ ਬਿਨਾ ਜੀਵ ਹਲਕੇ ਕੁੱਤੇ ਵਾਂਗ ਹੈ।ਲੋਭੀ ਦੇਵੀ ਪੂਜਕ ਮਾਇਆ ਨੂੰ ਸੰਭਾਲ ਨਹੀਂ ਸਕਦਾ। ਸਿਮਰਨ ਬਿਨ ਜੀਵਨ ਤਾਂ ਆਤਮ ਘਾਤ ਹੈ।ਦੇਵੀਪੂਜਕ ਨੀਚ ਹੁੰਦਾ ਹੈ ਜਿਸ ਦੀ ਨਾ ਕੋਈ ਕੁਲ ਹੁੰਦੀ ਹੈ ਨਾ ਕੋਈ ਜਾਤ। 
ਅਕਾਲ ਪੁਰਖ ਦੇ ਨਾਮ ਤੋਂ ਬਿਨਾ ਹੋਰ ਦੁਨਿਆਵੀ ਮੋਹ ਤੇ ਪਿਆਰ ਸਭ ਵਿਅਰਥ ਹਨ ਤੇ ਫਿਟਕਾਰਨ ਯੋਗ ਹਨ।ਅਕਾਲ ਪੁਰਖ ਦੀ ਯਾਦ ਤੋਂ ਬਿਨਾ ਸਭ ਖਾਣ, ਪੀਣਾ, ਪਹਿਨਣਾ ਇਵੇਂ ਹੈ ਜਿਵੇਂ ਕੁੱਤਾ ਗੰਦਗੀ ਨੂੰ ਮੂੰਹ ਮਾਰਦਾ ਫਿਰਦਾ ਹੈ।ਅਕਾਲ ਪੁਰਖ ਦਾ ਨਾਮ ਭੁਲਾ ਕੇ ਮਨੁੱਖ ਜਿਤਨੇ ਵੀ ਹੋਰ ਵਿਹਾਰ ਕਰਦਾ ਹੈ ਉਹ ਮੁਰਦੇ ਨੂੰ ਸ਼ਿੰਗਾਰਨ ਵਾਂਗ ਹਨ ਵਿਅਰਥ ਹਨ।ਜੋ ਅਕਾਲ ਪੁਰਖ ਭੁਲਾਕੇ ਦੁਨਿਆਵੀ ਪਦਾਰਥ ਭੋਗਣ ਵਿਚ ਲਗਿਆ ਹੋਇਆ ਹੈ ਉਸ ਨੂੰ ਤਾਂ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ ਪਰ ਦੁਨਿਆਵੀ ਪਦਾਰਥ ਭੋਗਣ ਕਰਕੇ ਸਰੀਰਕ ਰੋਗ ਜ਼ਰੂਰ ਲੱਗ ਜਾਂਦੇ ਹਨ।ਜਿਹੜਾ ਅਕਾਲ ਪੁਰਖ ਦਾ ਨਾਮੁ ਛੱਡ ਕੇ ਹੋਰ ਹੋਰ ਕੰਮ ਕਾਜ ਕਰਦਾ ਰਹਿੰਦਾ ਹੈ, ਉਸ ਦੇ ਆਤਮਕ ਜੀਵਨ ਦਾ ਨਾਸ ਹੋ ਜਾਂਦਾ ਹੈ ਤੇ ਉਸ ਦੇ ਦੁਨੀਆਂ ਵਾਲੇ ਸਾਰੇ ਵਿਖਾਵੇ ਵਿਅਰਥ ਚਲੇ ਜਾਂਦੇ ਹਨ। ਜੋ ਅਕਾਲ ਪੁਰਖ ਦੇ ਨਾਮੁ ਨਾਲ ਪ੍ਰੀਤ ਨਹੀਂ ਜੋੜਦਾ ਉਹ ਕ੍ਰੋੜਾਂ ਹੀ ਮਿਥੇ ਹੋਏ ਧਾਰਮਿਕ ਕੰਮ ਕਰਦਾ ਹੋਇਆ ਵੀ ਸਦਾ ਨਰਕਾਂ ਵਿਚ ਪਿਆ ਰਹਿੰਦਾ ਹੈ। ਜਿਸਨੇ ਵਾਹਿਗੁਰੂ ਨੂੰ ਨਹੀਂ ਸਿਮਰਿਆ ਉਸਦੀ ਹਾਲਤ ਉਸ ਤਰ੍ਹਾਂ ਹੁੰਦੀ ਹੈ, ਜਿਵੇਂ ਕੋਈ ਚੋਰ ਪਾੜ ਲਾਉਂਦਾ ਫੜਿਆ ਜਾਂਦਾ ਹੈ ਤੇ ਫਿਰ ਲੋਕਾਂ ਤੇ ਪੁਲਿਸ ਕੋਲੋਂ ਮਾਰਾਂ ਖਾਂਦਾ ਹੈ ਅਤੇ ਜੇਲ੍ਹ ਵਿਚ ਪਿਆ ਸੜਦਾ ਹੈ ।ਨਾਮ ਨਾ ਜਪਣ ਵਾਲਾ ਬੰਦਾ ਜਮ ਪੁਰੀ ਵਿਚ ਬੱਧਾ ਰਹਿੰਦਾ ਹੈ ਤੇ ਮਨ ਤੇ ਸਰੀਰ ਉਪਰ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ। ਦੁਨੀਆਂ ਵਿਚ ਇਜ਼ਤ ਬਣਾਈ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਵਿਖਾਵੇ, ਉਦਮ ਤੇ ਹੋਰ ਅਨੇਕਾਂ ਤਰ੍ਹਾਂ ਦੇ ਖਿਲਾਰੇ ਸਾਰੇ ਹੀ ਵਾਹਿਗੁਰੂ ਦੇ ਨਾਮੁ ਤੋਂ ਬਿਨਾ ਵਿਅਰਥ ਕਰਮ ਹਨ ਪ੍ਰੰਤੂ ਉਹੀ ਨਾਮ ਸਿਮਰਦਾ ਹੈ ਜਿਸ ਨੂੰ ਅਕਾਲ ਪੁਰਖ ਆਪ ਕਿਰਪਾ ਕਰਦਾ ਹੈ।

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top